Raavi voice # ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਡੇਂਗੂ ਲਾਰਵਾ ਚੈੱਕ ਕੀਤਾ, ਲਾਰਵਾ ਮਿਲਣ ਵਾਲੇ 21 ਘਰਾਂ ਦੇ ਚਲਾਨ ਕੀਤੇ

बटाला

ਰਾਵੀ ਨਿਊਜ ਬਟਾਲਾ (ਸਰਵਨ ਕਲਸੀ)

ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਆਪਣੇ ਘਰਾਂ ਅਤੇ ਕੰਮ ਵਾਲੇ ਥਾਵਾਂ ’ਤੇ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟ੍ਰੇਆਂ, ਛੱਤਾਂ ਤੇ ਪਏ ਕਬਾੜ ਦੇ ਸਮਾਨ, ਟਾਇਰਾਂ ਆਦਿ ਜਿਸ ਵਿੱਚ ਵੀ ਪਾਣੀ ਖੜ੍ਹਾ ਹੋ ਸਕਦਾ ਹੈ ਉਸਨੂੰ ਹਫ਼ਤੇ ਵਿੱਚ ਇੱਕ ਸਾਫ ਕਰਕੇ ਸੁਕਾਉਣ ਜਰੂਰ ਤਾਂ ਜੋ ਡੇਂਗੂ ਦੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਬਟਾਲਾ ਸ਼ਹਿਰ ਵਿੱਚ ਡੇਂਗੂ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਦੇਖਦੇ ਹੋਏ ਹਰ ਸ਼ਹਿਰ ਵਾਸੀ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

ਅੱਜ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਡੇਂਗੂ ਦੀ ਰੋਕਥਾਮ ਸਬੰਧੀ ਮੀਟਿੰਗ ਕਰਦਿਆਂ ਕਮਿਸ਼ਨਰ ਸ. ਗਰੇਵਾਲ ਨੇ ਕਿਹਾ ਕਿ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਸ਼ਹਿਰ ਦੇ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕਰਨ ਦੇ ਨਾਲ ਲੋਕਾਂ ਨੂੰ ਡੇਂਗੂ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਫਾਗਿੰਗ ਅਤੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਇਹ ਸਾਰੇ ਯਤਨ ਤਾਂ ਹੀ ਕਾਮਯਾਬ ਹੋਣਗੇ ਜੇਕਰ ਸ਼ਹਿਰ ਨਿਵਾਸੀ ਵੀ ਸਾਥ ਦੇਣ। ਉਨ੍ਹਾਂ ਕਿਹਾ ਕਿ ਹਰ ਸ਼ਹਿਰ ਵਾਸੀ ਅੱਜ ਹੀ ਆਪਣੇ ਘਰਾਂ ਵਿੱਚ ਜਿਥੇ ਵੀ ਪਾਣੀ ਖੜ੍ਹਾ ਹੈ ਉਸ ਨੂੰ ਰੋੜ ਕੇ ਸਾਫ ਕਰ ਲੈਣ ਜਾਂ ਪਾਣੀ ਨੂੰ ਬਦਲ ਲੈਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਸਬੰਧੀ ਸਖਤੀ ਵੀ ਵਰਤੀ ਜਾਵੇਗੀ ਅਤੇ ਜੇਕਰ ਕਿਸੇ ਦੇ ਘਰ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਤਾਂ ਉਸਦਾ ਚਲਾਨ ਵੀ ਕੱਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਗਮ ਦੀਆਂ ਟੀਮਾਂ ਵੱਲੋਂ ਅੱਜ 21 ਚਲਾਨ ਕੱਟੇ ਵੀ ਗਏ ਹਨ।

ਮੀਟਿੰਗ ਦੌਰਾਨ ਡਾ. ਪ੍ਰਭਜੋਤ ਕੌਰ ਕਲਸੀ, ਜ਼ਿਲ੍ਹਾ ਮਲੇਰੀਆ ਅਫ਼ਸਰ ਨੇ ਦੱਸਿਆ ਕਿ ਡੇਂਗੂ ਅਤੇ ਚਿਨਗੁਨੀਆ ਇਲਾਜ ਯੋਗ ਹਨ ਅਤੇ ਇਨ੍ਹਾਂ ਬਿਮਾਰੀਆਂ ਦੇ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਬਟਾਲਾ ਵਿੱਚ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੇ ਚਿਕਨਗੁਨੀਆ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ ਅਤੇ ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ ਡੇਂਗੂ ਦੇ ਲੱਛਣ ਹਨ। ਡਾ. ਕਲਸੀ ਨੇ ਅੱਗੇ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ ਅਤੇ ਸੋਜ਼, ਚਮੜੀ ਦੇ ਦਾਣੇ ਅਤੇ ਖਾਰਸ਼ ਚਿਕਨਗੁਨੀਆ ਬਿਮਾਰੀ ਦੇ ਲੱਛਣ ਹਨ।
 
ਡਾ. ਕਲਸੀ ਨੇ ਡੇਂਗੂ ਤੇ ਚਿਕਨਗੁਨੀਆ ਤੋਂ ਬਚਾਅ ਦੇ ਤਰੀਕੇ ਦੱਸਦਿਆਂ ਕਿਹਾ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕਰੋ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਦਾ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਬੁਖਾਰ ਹੋਣ ’ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਬੁਖਾਰ ਹੋਣ ’ਤੇ ਸਿਰਫ ਪੈਰਾਸੀਟਾਮੋਲ ਹੀ ਲਵੋ। ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰਾਂ ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ, ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਓ ਅਤੇ ਅਰਾਮ ਕਰੋ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਹੈ ਤਾਂ ਉਹ ਤੁਰੰਤ ਸਿਵਲ ਹਸਪਤਾਲ ਬਟਾਲਾ ਜਾਂ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਪਹੁੰਚ ਕਰਕੇ ਆਪਣਾ ਇਲਾਜ ਕਰਵਾਏ।

Share and Enjoy !

Shares

Leave a Reply

Your email address will not be published.