Raavi voice # ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਨੇ ਘਰਾਂ ਵਿੱਚ ਜਾ ਕੇ ਲਾਰਵੇ ਦੀ ਜਾਂਚ ਕੀਤੀ

बटाला

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ )

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ਤਹਿਤ  ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵਲੋਂ ਸਾਂਝੇ ਤੌਰ ’ਤੇ ਬਟਾਲਾ ਦੇ ਵੱਖ-ਵੱਖ ਮੁਹੱਲਿਆਂ ਦੇ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਇਨ੍ਹਾਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਘਰਾਂ ਦੀ ਜਾਂਚ ਦੌਰਾਨ ਕੁਝ ਘਰਾਂ ਵਿਚੋਂ ਫਰਿੱਜਾਂ ਦੇ ਪਿੱਛਲੇ ਹਿੱਸੇ ਦੀਆਂ ਟ੍ਰੇਆਂ, ਛੱਤ ਉੱਪਰ ਪਏ ਟਾਇਰਾਂ ਅਤੇ ਪਾਣੀ ਵਾਲੀਆਂ ਟੈਂਕੀਆਂ ਵਿਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ। ਨਗਰ ਨਿਗਮ ਵਲੋਂ ਇਸ ਸਬੰਧੀ 25 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਗਏ। ਇਸ ਦੌਰਾਨ ਚੈਕਿੰਗ ਟੀਮਾਂ ਨੇ ਲੋਕਾਂ ਨੂੰ ਅਗਾਹ ਕੀਤਾ ਕਿ ਉਹ ਹਰ ਸ਼ੁਕਰਵਾਰ ਨੂੰ ਆਪਣੇ ਘਰਾਂ ਵਿੱਚ ਕੂਲਰਾਂ, ਫਰਿੱਜਾਂ ਜਾਂ ਜਿਥੇ ਵੀ ਪਾਣੀ ਖੜਾ ਹੁੰਦਾ ਹੈ ਉਸਨੂੰ ਚੰਗੀ ਤਰਾਂ ਸਾਫ਼ ਕਰਕੇ ਸੁਕਾਉਣ। ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਬਹੁਤੇ ਲੋਕਾਂ ਦੇ ਘਰਾਂ ਵਿੱਚ ਫਰਿੱਜਾਂ ਦੇ ਪਿਛਲੇ ਪਾਸੇ ਟ੍ਰੇਆਂ ਵਿੱਚ ਪਾਣੀ ਖੜਾ ਸੀ ਤੇ ਉਸ ਵਿੱਚ ਡੇਂਗੂ ਦਾ ਲਾਰਵਾ ਪਨਪ ਰਿਹਾ ਸੀ।
ਐੱਸ.ਡੀ.ਐੱਮ. ਬਟਾਲਾ ਸ਼੍ਰੀਮਤੀ ਸ਼ਾਇਰੀ ਭੰਡਾਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਹੋਣ ਦੀ ਲੋੜ ਹੈ। ਉਨਾਂ ਦੱਸਿਆ ਕਿ ਖ਼ੁਸ਼ਕ ਗਰਮੀ ਤੋਂ ਬਾਅਦ ਪੈਣ ਵਾਲੇ ਮੀਂਹਾਂ ਕਾਰਨ ਗਰਮੀ ’ਚ ਨਮੀ ਦੀ ਮਾਤਰਾ ਵਧੇਰੇ ਹੋ ਜਾਂਦੀ ਹੈ ਜਿਸ ਕਾਰਨ ਏਡੀਜ਼ ਨਸਲ ਦੇ ਮੱਛਰਾਂ ਦਾ ਕਹਿਰ ਵਧ ਜਾਂਦਾ ਹੈ। ਡੇਂਗੂ ਦਾ ਇਹ ਮੱਛਰ ਘਰਾਂ ਵਿਚਲੇ ਹਨੇਰੇ ਤੇ ਨਮੀ ਵਾਲੇ ਭਾਗਾਂ, ਬਾਥਰੂਮ, ਡਰੈਸਿੰਗ ਰੂਮ ਤੇ ਕਦੇ-ਕਦਾਈ ਖੁੱਲਣ ਵਾਲੇ ਕਮਰਿਆਂ ’ਚ ਡੇਰਾ ਜਮਾ ਲੈਂਦੇ ਹਨ। ਇਹ ਮੱਛਰ ਕੋਠਿਆਂ ’ਤੇ ਸੁੱਟੇ ਕੰਡਮ ਟਾਇਰਾਂ, ਘਰਾਂ ਵਿਚਲੇ ਏ.ਸੀ ਅਤੇ ਫ਼ਰਿੱਜ਼ਾਂ ਦੀਆਂ ਟ੍ਰੇਆਂ, ਕੂਲਰਾਂ, ਫ਼ੁੱਲਦਾਨਾਂ, ਗਮਲਿਆਂ ਥੱਲੇ ਰੱਖੀਆਂ ਟ੍ਰੇਆਂ, ਪੰਛੀਆਂ ਲਈ ਰੱਖੇ ਪਾਣੀ ਵਾਲੇ ਕਟੋਰਿਆਂ ਜਾਂ ਕਿਤੇ ਖੜੇ ਸਾਫ਼ ਪਾਣੀ ‘ਚ ਆਪਣੀ ਜਗਾ ਬਣਾਉਂਦੇ ਹਨ। ਉਨਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਸਾਨੂੰ ਆਪਣੇ ਘਰ ਅਤੇ ਆਲੇ ਦੁਆਲੇ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ ਅਤੇ ਹਰ ਸ਼ੁਕਰਵਾਰ ਡਰਾਈ ਡੇਅ ਮਨਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *