Raavi voice #ਸਵਾਸਤਿਕ ਕਲੀਨਿਕ ਗਾਜ਼ੀਪੁਰ ਵਿੱਚ ਛਾਪੇ ਦੌਰਾਨ ਪਾਈਆਂ ਗਈਆਂ ਗੜਬੜੀਆਂ, ਪ੍ਰਸ਼ਾਸਨ ਨੇ ਕੀਤਾ ਸੀਲ ਕੋਈ ਯੋਗਤਾ ਪ੍ਰਾਪਤ ਡਾਕਟਰ ਮੌਜੂਦ ਨਹੀਂ, ਟ੍ਰੈਮਾਡੋਲ ਦਵਾਈ ਜ਼ਬਤ

एस.ए.एस नगर

ਰਾਵੀ ਨਿਊਜ ਮੋਹਾਲੀ/ਜ਼ੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ)

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਉਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਅਤੇ ਪੁਲਿਸ ਵਿਭਾਗ ਦੀ ਟੀਮ ਨੇ ਅੱਜ ਸਵਾਸਤਿਕ ਹਸਪਤਾਲ, ਗਾਜ਼ੀਪੁਰ ਰੋਡ, ਜ਼ੀਰਕਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਵੱਡੀ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਅਗਲੇ ਆਦੇਸ਼ਾਂ ਤੱਕ ਹਸਪਤਾਲ ਨੂੰ ਸੀਲ ਕਰ ਦਿੱਤਾ।

ਉਪ ਮੰਡਲ ਮੈਜਿਸਟਰੇਟ (ਐਸਡੀਐਮ) ਡੇਰਾਬਸੀ ਸ੍ਰੀ ਕੁਲਦੀਪ ਬਾਵਾ ਨੇ ਦੱਸਿਆ ਕਿ ਇਹ ਸੂਚਨਾ ਮਿਲੀ ਸੀ ਕਿ ਇਸ ਕਲੀਨਿਕ ਵਿੱਚ ਇਲਾਜ ਦੇ ਬਹਾਨੇ ਗੈਰਕਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ। ਇਸ ਦੀ ਜਾਂਚ ਲਈ ਉਨ੍ਹਾਂ ਤੋਂ ਇਲਾਵਾ ਮੈਡੀਕਲ ਅਫਸਰ ਡਾ. ਮਹਿਤਾਬ, ਐਮਸੀ ਇੰਸਪੈਕਟਰ ਜ਼ੀਰਕਪੁਰ ਰਿਸ਼ਭ ਅਤੇ ਏਐਸਆਈ ਥਾਣਾ ਜ਼ੀਰਕਪੁਰ ਬਰਿੰਦਰ ਸਿੰਘ ਉਤੇ ਆਧਾਰਤ ਇੱਕ ਟੀਮ ਬਣਾਈ ਗਈ ਸੀ।

ਉਨ੍ਹਾਂ ਦੱਸਿਆ ਕਿ ਟੀਮ ਨੇ ਅਚਨਚੇਤ ਚੈਕਿੰਗ ਕੀਤੀ ਅਤੇ ਉਥੇ ਗੈਰਕਨੂੰਨੀ ਕਾਰਵਾਈਆਂ ਚਲਦੀਆਂ ਪਾਈਆਂ ਗਈਆਂ। ਉਥੇ ਇਕ ਅਟੈਂਡੈਂਟ ਜਿਸ ਨੇ ਆਪਣਾ ਨਾਮ ਅਜਿੰਦਰਪਾਲ ਸਿੰਘ ਦੱਸਿਆ, ਮਰੀਜ਼ਾਂ ਦਾ ਯੋਗ ਡਾਕਟਰ ਵਜੋਂ ਇਲਾਜ ਕਰ ਰਿਹਾ ਸੀ ਪਰ ਉਸ ਕੋਲ ਡਾਕਟਰ ਹੋਣ ਦਾ ਕੋਈ ਸਬੂਤ ਨਹੀਂ ਸੀ। ਉਸ ਕੋਲ ਸਿਰਫ਼ ਟਰੇਨੀ ਫਾਰਮਾਸਿਸਟ ਦੇ ਪੇਪਰ ਮਿਲੇ, ਜਿਸ ਦੀ ਮਿਆਦ 31, 2020 ਤੱਕ ਹੀ ਸੀ।

ਸ੍ਰੀ ਬਾਵਾ ਨੇ ਕਿਹਾ ਕਿ ਅਜਿੰਦਰਪਾਲ ਨੇ ਦੱਸਿਆ ਕਿ ਡਾ: ਪ੍ਰਗਤੀ ਇਸ ਹਸਪਤਾਲ ਨੂੰ ਚਲਾ ਰਹੀ ਹੈ, ਜਿਸ ਦੀ ਡਿਊਟੀ ਸ਼ਾਮ ਨੂੰ ਸ਼ੁਰੂ ਹੁੰਦੀ ਹੈ ਪਰ ਉਨ੍ਹਾਂ ਦੇ ਦਸਤਾਵੇਜ਼ਾਂ ਤੋਂ ਇਹ ਤੱਥ ਸਥਾਪਤ ਨਹੀਂ ਹੋਇਆ ਕਿ ਉਹ ਇਕ ਯੋਗਤਾ ਪ੍ਰਾਪਤ ਡਾਕਟਰ ਹੈ। ਡਾਕਟਰ ਪ੍ਰਗਤੀ ਦੇ ਸਿਰਫ਼ ਆਯੁਰਵੈਦਿਕ ਡਾਕਟਰ ਹੋਣ ਦੇ ਸਬੂਤ ਮਿਲੇ ਹਨ। ਟੀਮ ਨੂੰ ਹਸਪਤਾਲ ਤੋਂ ਜਾਅਲੀ ਮੋਹਰ ਵੀ ਮਿਲੀ ਹੈ, ਜਿਸ ਵਿੱਚ ਡਾਕਟਰ ਪ੍ਰਗਤੀ ਨੂੰ ਐਮ.ਡੀ. ਦਰਸਾਇਆ ਗਿਆ ਹੈ।

ਐਸ.ਡੀ.ਐਮ. ਨੇ ਅੱਗੇ ਕਿਹਾ ਕਿ ਟੀਮ ਨੂੰ ਹਸਪਤਾਲ ਤੋਂ ਪਾਬੰਦੀਸ਼ੁਦਾ ਦਵਾਈ ਟ੍ਰੈਮਾਡੋਲ ਵੀ ਮਿਲੀ, ਜੋ ਆਮ ਤੌਰ ਤੇ ਇੱਕ ਦਰਦ ਨਿਵਾਰਕ ਵਜੋਂ ਵਰਤੀ ਜਾਂਦੀ ਹੈ। ਇਹ ਦਰਮਿਆਨੀ ਤੋਂ ਗੰਭੀਰ ਦਰਦ ਦੇ ਇਲਾਜ ਲਈ ਵਰਤੀ ਜਾਂਦੀ ਹੈ ਅਤੇ ਇਹ ਦਵਾਈ ਸਿਰਫ ਇੱਕ ਯੋਗਤਾ ਪ੍ਰਾਪਤ ਡਾਕਟਰ ਦੇ ਨੁਸਖੇ ਉਤੇ ਉਪਲਬਧ ਹੁੰਦੀ ਹੈ ਕਿਉਂਕਿ ਆਮ ਤੌਰ ਉਤੇ ਇਸ ਦੀ ਵਰਤੋਂ ਨਸ਼ੇ ਲਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹਸਪਤਾਲ ਦੇ ਪ੍ਰਬੰਧਕਾਂ ਵਿਰੁੱਧ ਐਫਆਈਆਰ ਦੀ ਸਿਫਾਰਸ਼ ਪੁਲਿਸ ਨੂੰ ਕਰ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਲਈ ਸਿਵਲ ਸਰਜਨ ਮੋਹਾਲੀ ਨੂੰ ਵੀ ਲਿਖਿਆ ਜਾ ਰਿਹਾ ਹੈ। 

ਗੈਰਕਾਨੂੰਨੀ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਈਸ਼ਾ ਕਾਲੀਆ

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹਸਪਤਾਲਾਂ ਵਿੱਚ ਗੈਰਕਨੂੰਨੀ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਡਾਕਟਰੀ ਪੇਸ਼ੇ ਨੂੰ ਉੱਤਮ ਪੇਸ਼ਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਜੀਵਨ ਨੂੰ ਬਚਾਉਣ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਲਾਜ ਦੇ ਨਾਂ ਉਤੇ ਮਰੀਜ਼ਾਂ ਨਾਲ ਧੋਖਾ ਕਰਦੇ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਨਾਗਰਿਕ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਵਚਨਬੱਧ ਹੈ।

Leave a Reply

Your email address will not be published. Required fields are marked *