Raavi voice # ਬੈੱਸਟੈੱਕ ਮਾਲ ਫਾਇਰਿੰਗ ਮਾਮਲਾ: ਮੋਹਾਲੀ ਅਦਾਲਤ ਵੱਲੋਂ ਮੁਲਜ਼ਮਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ

क्राइम

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਮੋਹਾਲੀ ਫੇਜ਼-11 ਸਥਿਤ ਬੈੱਸਟੈੱਕ ਮਾਲ ਦੇ ਬਾਹਰ ਪਾਰਕਿੰਗ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਜਸਮੇਰ ਸਿੰਘ ਅਤੇ ਰਵਿੰਦਰ ਪਾਲ ਸਿੰਘ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਸੋਹਨ ਸਿੰਘ ਦੱਸਿਆ ਕਿ ਮੁਲਜ਼ਮਾਂ ਦਾ ਇੱਕ ਸਾਥੀ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਿਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਸਮੇਰ ਸਿੰਘ ਦਾ ਲਾਇਸੈਂਸੀ ਰਿਵਾਲਵਰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਧਰ, ਪੱਟ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਵਿਅਕਤੀ ਬਿਕਰਮਜੀਤ ਸਿੰਘ ਵਾਸੀ ਪਿੰਡ ਪਾਤੜਾਂ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ।

ਪੀੜਤ ਬਿਕਰਮਜੀਤ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ 6 ਨਵੰਬਰ ਨੂੰ ਦੇਰ ਰਾਤ ਕਰੀਬ 11 ਵਜੇ ਫਿਲਮ ‘ਪਾਣੀ ਵਿੱਚ ਮਧਾਣੀ’ ਦੇਖਣ ਲਈ ਬੈੱਸਟੈੱਕ ਮਾਲ ਵਿੱਚ ਗਿਆ ਸੀ। ਜਦੋਂ ਫਿਲਮ ਸ਼ੁਰੂ ਹੋਈ ਤਾਂ ਉਸ ਦੇ ਸਾਥੀਆਂ ਨੇ ਹਾਸਾ-ਮਜ਼ਾਕ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਪਿੱਛੇ ਸੀਟਾਂ ’ਤੇ ਦੋ ਨੌਜਵਾਨਾਂ ਨੇ ਉਨ੍ਹਾਂ (ਬਿਕਰਮਜੀਤ ਸਿੰਘ) ਉੱਤੇ ਅੌਰਤਾਂ ਨੂੰ ਕਥਿਤ ਤੌਰ ’ਤੇ ਛੇੜਨ ਦਾ ਦੋਸ਼ ਲਗਾਉਂਦਿਆਂ ਕੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਮਾਮਲਾ ਵਧਦਾ ਦੇਖ ਕੇ ਬਿਕਰਮਜੀਤ ਅਤੇ ਉਸ ਦੇ ਸਾਥੀਆਂ ਨੇ ਮੁਆਫ਼ੀ ਮੰਗਣ ਮਗਰੋਂ ਉਹ ਤੁਰੰਤ ਦੂਜੇ ਪਾਸੇ ਜਾ ਕੇ ਬੈਠ ਗਏ ਸੀ ਪਰ ਨੌਜਵਾਨਾਂ ਦੇ ਮਨਾਂ ’ਚੋਂ ਕੁੜੱਤਣ ਖ਼ਤਮ ਨਹੀਂ ਹੋਈ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਫਿਲਮ ਖ਼ਤਮ ਹੋਈ ਅਤੇ ਉਹ ਮਾਲ ’ਚੋਂ ਬਾਹਰ ਆ ਰਹੇ ਸੀ ਤਾਂ ਸਿਨੇਮਾ ਹਾਲ ਅੰਦਰ ਝਗੜਾ ਕਰਨ ਵਾਲੇ ਨੌਜਵਾਨਾਂ ਨੇ ਅੱਧੀ ਰਾਤ ਤੋਂ ਬਾਅਦ ਕਰੀਬ ਡੇਢ ਵਜੇ ਬਿਕਰਮਜੀਤ ਅਤੇ ਉਸ ਦੇ ਸਾਥੀਆਂ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਹਮਲਾਵਰ ਨੇ ਆਪਣੇ ਡੱਬ ’ਚੋਂ ਰਿਵਾਲਵਰ ਕੱਢਿਆ ਅਤੇ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਇੱਕ ਗੋਲੀ ਬਿਕਰਮਜੀਤ ਸਿੰਘ ਦੇ ਪੱਟ ਵਿੱਚ ਲੱਗ ਗਈ। ਉਸ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

Leave a Reply

Your email address will not be published. Required fields are marked *