Raavi voice # ਬੇਅਦਬੀ ਮਾਮਲੇ ਤੇ ਡੰਗ ਟਪਾ ਰਹੀ ਹੈ ਪੰਜਾਬ ਸਰਕਾਰ : ਨਵਜੋਤ ਸਿੰਘ ਸਿੱਧੂ

चंडीगढ़ ताज़ा

ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ)

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਕਾਰਗੁਜਾਰੀ ਤੇ ਮੁੜ ਹਮਲਾ ਕੀਤਾ ਹੈ। ਸਿੱਧੂ ਨੇ ਕਿਹਾ ਹੈ ਕਿ ਅਦਾਲਤ ਨੇ ਛੇ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਉਹਨਾਂ ਸਵਾਲ ਕੀਤਾ ਕਿ ਹੁਣ ਜਦੋਂ ਛੇ ਮਹੀਨੇ ਤੋਂ ਇਕ ਦਿਨ ਉੱਪਰ ਹੋ ਗਿਆ ਹੈ ਫਿਰ ਜਾਂਚ ਰਿਪੋਰਟ ਕਿੱਥੇ ਹੈ। ਹੁਣ ਤਕ ਜਾਂਚ ਪੂਰੀ ਕਿਉਂ ਨਹੀਂ ਕੀਤੀ ਗਈ। ਚੰਨੀ ਸਰਕਾਰ ਵਲੋਂ ਕੀਤੀ ਗਈ ਡੀ. ਜੀ. ਪੀ. ਅਤੇ ਏ. ਜੀ. ਦੀ ਨਿਯੁਕਤੀ ਤੇ ਸਵਾਲ ਚੁੱਕਦਿਆਂ ਸਿੱਧੂ ਨੇ ਕਿਹਾ ਕਿ ਇਹਨਾਂ ਵਿੱਚੋਂ ਇੱਕ ਨੇ ਮੁਲਜ਼ਮ ਨੂੰ ਬਲੈਂਕੇਟ ਬੇਲ ਦਿਵਾਈ ਅਤੇ ਦੂਜੇ ਨੇ ਬਰੀ ਕਰਵਾਇਆ, ਫਿਰ ਇਨਸਾਫ ਕਿਵੇਂ ਮਿਲ ਸਕਦਾ ਹੈ। ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਦੋ ਐਫ. ਆਈ. ਆਰ ਦਰਜ ਹਨ, ਇੱਕ ਵਿਚ ਸੁਮੇਧ ਸੈਣੀ ਮੁਲਜ਼ਮ ਹੈ ਅਤੇ ਉਸ ਨੂੰ ਬਲੈਂਕੇਟ ਬੇਲ ਮਿਲੀ ਹੈ, ਅਜਿਹੇ ਵਿਚ ਜਾਂਚ ਮੁਕੰਮਲ ਕਿੱਥੋਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੇਅਦਬੀ ਮਾਮਲੇ ਤੇ ਸਿਰਫ ਡੰਗ ਡਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਮਿਲੀ ਸੀ ਤਾਂ ਸਰਕਾਰ ਨੇ ਇਸ ਨੂੰ ਤੋੜਨ ਲਈ ਐਸ. ਐਲ. ਪੀ. ਕਿਉਂ ਨਹੀਂ ਪਾਈ। ਸਰਕਾਰ ਨੇ ਜਿਹੜੇ ਨਵੇਂ ਵਕੀਲ ਲਗਾਏ ਹਨ ਉਹ ਜਵਾਬ ਦੇਣ ਕਿ ਉਹ ਕਿਹੜਾ ਕਾਰਣ ਸੀ ਜਿਸ ਕਾਰਣ ਉਨ੍ਹਾਂ ਨੇ ਐਸ. ਐਲ. ਪੀ. ਨਹੀਂ ਲਗਾਈ। ਐਸ. ਐਲ. ਪੀ. ਲਗਾਉਣ ਤੋਂ ਇਕ ਹਫ਼ਤੇ ਬਾਅਦ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਐਸ. ਟੀ. ਐਫ. ਦੀ ਰਿਪੋਰਟ ਤੇ ਆਪਣੀ ਹੀ ਸਰਕਾਰ ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਇਸ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕਰ ਰਹੀ ਹੈ। ਸਰਕਾਰ ਦੱਸੇ ਕਿ ਉਸ ਨੂੰ ਕਿਸ ਦਾ ਡਰ ਹੈ, ਜਦੋਂ ਅਦਾਲਤ ਨੂੰ ਕੋਈ ਦਿੱਕਤ ਨਹੀਂ ਹੈ ਤਾਂ ਸਰਕਾਰ ਕਿਉਂ ਡਰ ਰਹੀ ਹੈ। ਸਿੱਧੂ ਨੇ ਕਿਹਾ ਕਿ ਉਹ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰਦੇ ਹਨ, ਪੈਟਰੋਲ ਡੀਜ਼ਲ ਸਸਤਾ ਹੋਇਆ ਚੰਗੀ ਗੱਲ ਹੈ ਪਰ ਕੀ ਅਸੀਂ ਇਸ ਨੂੰ ਪੰਜ ਸਾਲ ਲਈ ਕਰ ਸਕਾਂਗੇ। ਸਭ ਤੋਂ ਪਹਿਲਾਂ ਸਰਕਾਰ ਕੋਲ ਪੈਸੇ ਕਮਾਉਣ ਦਾ ਸਾਧਨ ਹੋਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਮੈਂ ਸਿਆਸਤ ਵਿੱਚ ਕਿਸੇ ਕੁਰਸੀ ਖਾਤਰ ਨਹੀਂ ਬਲਕਿ ਲੋਕਾਂ ਦੇ ਵਿਸ਼ਵਾਸ ਖਾਤਰ ਹਾਂ। ਪੰਜਾਬ ਦੇ ਦੋ ਵੱਡੇ ਮਸਲੇ ਜਿਨ੍ਹਾਂ ਦਾ ਪਰਦਾਫਾਸ਼ ਕਰਨ ਲਈ ਸਿਆਸੀ ਤਾਕਤ ਚਾਹੀਦੀ ਹੈ। ਇਕ ਬੇਅਦਬੀ ਅਤੇ ਦੂਜਾ ਪੰਜਾਬ ਦਾ ਖਜ਼ਾਨਾ ਭਰਨਾ ਹੈ। ਇਸ ਲਈ ਇਕ ਰੋਡ ਮੈਪ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਪਾਵਰ ਮੇਰੇ ਕੋਲ ਹੈ ਮੈਂ ਉਸ ਦੀ ਵਰਤੋਂ ਕਰ ਰਿਹਾ ਹਾਂ ਪਰ ਲੋਕ ਆਖ ਰਹੇ ਕਿ ਸਿੱਧੂ ਪ੍ਰਧਾਨ ਬਣ ਗਿਆ ਹੁਣ ਮਸਲੇ ਹੱਲ ਕਰੇ ਪਰ ਮਸਲੇ ਹੱਲ ਕਰਨ ਲਈ ਪ੍ਰਸ਼ਾਸ਼ਕੀ ਪਾਵਰਾਂ ਦੀ ਲੋੜ ਹੈ।

Leave a Reply

Your email address will not be published. Required fields are marked *