Raavi Voice # ਬਟਾਲਾ ਸ਼ਹਿਰ ਨੂੰ 2 ਵਾਰ ਫ਼ਤਹਿ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਟਾਲਾ ਸ਼ਹਿਰ ਵਿੱਚ ਇੱਕ ਵੀ ਯਾਦਗਾਰ ਨਹੀਂ

दुनिया

ਰਾਵੀ ਨਿਊਜ ਬਟਾਲਾ (ਸਰਵਣ ਸਿੰਘ ਕਲਸੀ)

ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਜਨਮ ਦਿਹਾੜਾ ਹੈ। ਦਸਮੇਸ਼ ਪਾਤਸ਼ਾਹ ਦੀ ਕ੍ਰਿਪਾ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਅਤੇ ਧਰਮ ਦਾ ਰਾਜ ਕਾਇਮ ਕੀਤਾ। ਉਨ੍ਹਾਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਦੱਸ ਦਿੱਤਾ ਕਿ ਜ਼ੁਲਮ ਦਾ ਰਾਜ ਬਹੁਤਾ ਚਿਰ ਨਹੀਂ ਚੱਲ ਸਕਦਾ ਜਿੱਤ ਹਮੇਸ਼ਾਂ ਸੱਚ ਤੇ ਹੱਕ ਦੀ ਹੁੰਦੀ ਹੈ।

ਸਾਡੇ ਬਟਾਲਾ ਸ਼ਹਿਰ ਨੂੰ ਵੀ ਇਹ ਮਾਣ ਹਾਸਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 2 ਵਾਰ ਬਟਾਲਾ ਸ਼ਹਿਰ ਨੂੰ ਫ਼ਤਹਿ ਕਰਕੇ ਇਥੇ ਖਾਲਸਾਈ ਨਿਸ਼ਾਨ ਝੁਲਾਏ ਸਨ। ਪਹਿਲੀ ਵਾਰ ਸੰਨ 1711 ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਟਾਲੇ ਦੇ ਫ਼ੌਜਦਾਰ ਸ਼ੇਖ ਮੁਹੰਮਦ ਅਤੇ ਸ਼ੈਖੁਲਹਿੰਦ ਦੀ ਅਗਵਾਈ ਵਾਲੀਆਂ ਮੁਗਲ ਫੌਜਾਂ ਨੂੰ ਹਰਾ ਕੇ ਹਾਥੀ ਗੇਟ ਨੂੰ ਤੋੜ ਕੇ ਬਟਾਲਾ ਸ਼ਹਿਰ ਵਿੱਚ ਜੇਤੂ ਪ੍ਰਵੇਸ਼ ਕੀਤਾ। ਇਸ ਜੰਗ ਵਿੱਚ ਸ਼ੈਖੁਲਹਿੰਦ ਪੀਰ ਮਾਰਿਆ ਗਿਆ ਅਤੇ ਫ਼ੌਜਦਾਰ ਮੁਹੰਦ ਦਾਇਮ ਟੱਬਰ ਸਮੇਤ ਭੱਜ ਕੇ ਭਰੋਵਾਲ ਆਪਣੇ ਪਿੰਡ ਜਾ ਵੜਿਆ।

ਦੂਸਰੀ ਵਾਰ ਬਾਬਾ ਬੰਦਾ ਸਿੰਘ ਬਹਦਾਰ ਨੇ ਮਾਰਚ 1715 ਨੂੰ ਬਟਾਲਾ `ਤੇ ਦੂਜਾ ਹੱਲਾ ਕੀਤਾ ਅਤੇ ਮੁਹੰਮਦ ਦਾਇਮ ਨੂੰ ਹਰਾ ਕੇ ਇੱਕ ਵਾਰ ਫਿਰ ਬਟਾਲਾ ਸ਼ਹਿਰ ਅਤੇ ਇਸਦੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਦੋਵੇਂ ਵਾਰ ਬਟਾਲਾ ਨੂੰ ਫ਼ਤਹਿ ਕਰਨ ਤੋਂ ਪਹਿਲਾਂ ਅੱਚਲ ਸਾਹਿਬ ਵਿਖੇ ਡੇਰਾ ਲਗਾਇਆ ਅਤੇ ਓਥੋਂ ਹੀ ਕੂਚ ਕਰਕੇ ਖਾਲਸਾਈ ਫ਼ੌਜਾਂ ਹਾਥੀ ਗੇਟ ਵੱਲ ਨੂੰ ਵਧੀਆਂ। ਦੋਵੇਂ ਜੰਗਾਂ ਹਾਥੀ ਦਰਵਾਜ਼ੇ ਦੇ ਬਾਹਰ ਹੋਈਆਂ ਅਤੇ ਜਿੱਤ ਉਪਰੰਤ ਖਾਲਸਾ ਫ਼ੌਜਾਂ ਨੇ ਹਾਥੀ ਦਰਵਾਜ਼ੇ ਅਤੇ ਅੱਚਲੀ ਦਰਵਾਜ਼ੇ ਨੂੰ ਤੋੜ ਕੇ ਬਟਾਲਾ ਸ਼ਹਿਰ ਵਿੱਚ ਦਾਖਲਾ ਕੀਤਾ।

ਸ਼ਹਿਰ ਵਿੱਚ ਹਾਥੀ ਦਰਵਾਜ਼ੇ ਅਤੇ ਅੱਚਲੀ ਦਰਵਾਜ਼ੇ ਦੇ ਵਿਚਕਾਰ ਸ਼ਹਿਰ ਦੇ ਅਮੀਰ ਸ਼ੇਖਾਂ, ਕਾਜ਼ੀਆਂ ਦੇ ਬਹੁਤ ਵੱਡੇ ਘਰ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਨੇ ਇਥੇ ਏਨਾਂ ਖੰਡਾ ਫੇਰਿਆ ਕਿ ਸਭ ਤਬਾਹ ਕਰਕੇ ਖੋਲ੍ਹਾ ਕਰ ਦਿੱਤਾ। ਅੱਜ ਵੀ ਇਸ ਇਲਾਕੇ ਨੂੰ ਖੰਡਾ ਖੋਲ੍ਹਾ ਮੁਹੱਲਾ ਕਿਹਾ ਜਾਂਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਟਾਲਾ ਸ਼ਹਿਰ ਨੂੰ ਦੋ ਵਾਰ ਫ਼ਤਹਿ ਕਰਕੇ ਇਥੇ ਧਰਮ ਦਾ ਰਾਜ ਕਾਇਮ ਕੀਤਾ ਸੀ ਅਤੇ ਉਸ ਸਮੇਂ ਪਹਿਲੀ ਵਾਰ ਬਟਾਲੇ ਅਕਾਲ ਦੇ ਜੈਕਾਰੇ ਗੂੰਜੇ ਸਨ। ਇਤਿਹਾਸ ਦੀਆਂ ਕਿਤਾਬਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਟਾਲਾ ਜਿੱਤਾਂ ਦੀ ਇਬਾਰਤ ਸੁਨਿਹਰੀ ਅੱਖਰਾਂ ਵਿੱਚ ਲਿਖੀ ਗਈ ਹੈ। ਪਰ ਇਸ ਗੱਲ ਉੱਪਰ ਝੋਰਾ ਵੀ ਹੈ ਕਿ ਬਟਾਲਾ ਸ਼ਹਿਰ ਨੂੰ 2 ਵਾਰ ਫ਼ਤਹਿ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੀ ਬਟਾਲਾ ਸ਼ਹਿਰ ਵਿੱਚ ਇੱਕ ਵੀ ਯਾਦਗਾਰ ਨਹੀਂ ਹੈ।

ਜੇਕਰ ਮੁਗਲ ਬਾਦਸ਼ਾਹ ਦੇ ਇੱਕ ਹਾਥੀ ਲੰਘਣ ਕਾਰਨ ਸ਼ਹਿਰ ਦੇ ਇੱਕ ਦਰਵਾਜ਼ੇ ਦਾ ਨਾਮ ਹਾਥੀ ਦਰਵਾਜ਼ਾ ਪੈ ਸਕਦਾ ਹੈ ਤਾਂ ਜਿਸ ਜਰਨੈਲ ਨੇ ਆਪਣੀ ਬਹਾਦਰੀ ਨਾਲ ਜੰਗ ਫ਼ਤਹਿ ਕਰਕੇ ਇਸ ਦਰਵਾਜ਼ੇ ਰਾਹੀਂ ਜੇਤੂ ਪ੍ਰਵੇਸ਼ ਕੀਤਾ ਸੀ ਉਸਦੇ ਨਾਮ ਉੱਪਰ ਗੇਟ ਦਾ ਨਾਮ ਕਿਉਂ ਨਹੀਂ ਹੋ ਸਕਦਾ…? ਕੀ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਬਹਾਦਰ ਦੀ ਸ਼ਹਿਰ ਵਿੱਚ ਕੋਈ ਯਾਦਗਾਰ ਨਹੀਂ ਹੋਣੀ ਚਾਹੀਦੀ ਜੋ ਇਹ ਦੱਸੇ ਕਿ ਬਟਾਲਾ ਸ਼ਹਿਰ ਵੀ ਉਨ੍ਹਾਂ ਦੇ ਰਾਜ ਦਾ ਹਿੱਸਾ ਸੀ।

ਇਤਿਹਾਸ ਪੜ੍ਹਨ ਵਾਲਿਆਂ ਨੂੰ ਛੱਡ ਕੇ ਅੱਜ ਕਿਸੇ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਟਾਲਾ ਨਾਲ ਸਬੰਧਤ ਇਤਿਹਾਸ ਦਾ ਪਤਾ ਨਹੀਂ ਹੈ। ਸਾਡੀ ਸੰਸਥਾ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਇਸ ਸਬੰਧੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੋਈ ਯਾਦਗਾਰ ਜਰੂਰ ਬਣੇ। ਇਸ ਸਬੰਧੀ ਮਤਾ ਨਗਰ ਨਿਗਮ ਬਟਾਲਾ ਦੇ ਵਿਚਾਰ ਅਧੀਨ ਹੈ ਅਤੇ ਨਗਰ ਨਿਗਮ ਦੇ ਮੇਅਰ ਅਤੇ ਸਮੂਹ ਐੱਮ.ਸੀ. ਨੂੰ ਅਪੀਲ ਵੀ ਹੈ ਕਿ ਇਸ ਸਬੰਧੀ ਜਰੂਰ ਧਿਆਨ ਦਿੱਤਾ ਜਾਵੇ।  ਬਾਕੀ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਆਓ ਇਸ ਸਬੰਧੀ ਲੋਕ ਅਵਾਜ਼ ਪੈਦਾ ਕਰੀਏ ਤਾਂ ਸਾਡੇ ਮਹਾਨ ਸੂਰਬੀਰ ਯੋਧਿਆਂ ਦੀ ਬਹਾਦਰੀ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋ ਸਕਣ।

Leave a Reply

Your email address will not be published. Required fields are marked *