Raavi Voice # ਬਟਾਲਾ ਦੇ ਪ੍ਰਿੰਸ ਕੁਮਾਰ ਨੇ ਜਿੱਤਿਆ ਪੀ.ਟੀ.ਸੀ. ਵਾਈਸ ਆਫ਼ ਪੰਜਾਬ ਲਿਟਲ ਚੈਂਪ ਦਾ ਖਿਤਾਬ

बटाला

ਰਾਵੀ ਨਿਊਜ ਬਟਾਲਾ (ਸਰਵਨ ਕਲਸੀ)

ਬਟਾਲਾ ਸ਼ਹਿਰ ਦੇ ਵਸਨੀਕ ਪ੍ਰਿੰਸ ਕੁਮਾਰ ਨੇ ਪੀ.ਟੀ.ਸੀ. ਵਾਈਸ ਆਫ਼ ਪੰਜਾਬ (ਲਿਟਲ ਚੈਂਪ) ਸੀਜ਼ਨ-7 ਦਾ ਖਿਤਾਬ ਜਿੱਤ ਕੇ ਆਪਣੇ ਮਾਪਿਆਂ ਅਤੇ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਬਟਾਲਾ ਦੇ ਚੰਦਰ ਨਗਰ ਮੁਹੱਲੇ ਦੇ ਵਸਨੀਕ ਰਜਿੰਦਰ ਕੁਮਾਰ ਬੌਬੀ ਅਤੇ ਮਾਤਾ ਦਾ ਨਾਮ ਨਰਗਿਸ ਦਾ ਹੋਣਹਾਰ ਪੁੱਤਰ ਪ੍ਰਿੰਸ ਕੁਮਾਰ ਸੰਤ ਫਰਾਂਸਿਸ ਸਕੂਲ ਬਟਾਲਾ ਵਿੱਚ 7ਵੀਂ ਜਮਾਤ ਵਿੱਚ ਪੜ੍ਹਾਈ ਕਰ ਰਿਹਾ ਹੈ ਅਤੇ ਉਸਦੀ ਉਮਰ ਅਜੇ ਮਹਿਜ 12 ਸਾਲ ਦੀ ਹੈ।

ਕਰੀਬ ਚਾਰ ਸਾਲ ਦੀ ਉਮਰ ਤੋਂ ਹੀ ਗਾਇਕੀ ਸਿੱਖ ਰਹੇ ਪ੍ਰਿੰਸ ਕੁਮਾਰ ਦੀ ਅਵਾਜ਼ ਵਿੱਚ ਏਨਾਂ ਜਾਦੂ ਅਤੇ ਮਿਠਾਸ ਹੈ ਕਿ ਉਸਨੇ ਪੀ.ਟੀ.ਸੀ. ਪੰਜਾਬੀ ਦੇ ਵਾਈਸ ਆਫ ਪੰਜਾਬ (ਲਿਟਲ ਚੈਂਪ) ਸੀਜਨ-7 ਵਿੱਚ ਪਹਿਲੀ ਵਾਰ ਭਾਗ ਲੈਂਦਿਆਂ ਫਸਟ ਰਨਰ ਅੱਪ ਦਾ ਖਿਤਾਬ ਜਿੱਤਿਆ ਹੈ। ਪ੍ਰਿੰਸ ਨੇ ਇਸ ਖਿਤਾਬ ਨੂੰ ਜਿੱਤਣ ਲਈ ਓਡੀਸ਼ਨ ਤੋਂ ਲੈ ਕੇ ਸਟੂਡੀਓ ਰਾਊਂਡ ਤੱਕ ਸਫਲਤਾਪੂਰਵਕ ਕਈ ਪੜਾਅ ਪਾਰ ਕੀਤੇ ਅਤੇ ਅੰਤ ਨੂੰ ਉਸਨੇ ਇਹ ਖਿਤਾਬ ਆਪਣੇ ਨਾਮ ਕੀਤਾ।

ਪ੍ਰਿੰਸ ਕੁਮਾਰ ਦੇ ਵਾਈਸ ਆਫ ਪੰਜਾਬ ਬਣਨ ’ਤੇ ਬਟਾਲਾ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਬਟਾਲਾ ਪਹੁੰਚਣ ’ਤੇ ਸ਼ਹਿਰ ਵਾਸੀਆਂ ਨੇ ਪ੍ਰਿੰਸ ਕੁਮਾਰ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ। ਬਟਾਲਾ ਦੀ ਨਾਮੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਨੇ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖ ਕੇ ਪ੍ਰਿੰਸ ਕੁਮਾਰ ਨੂੰ ‘ਬਟਾਲੇ ਦਾ ਮਾਣ’ ਖਿਤਾਬ ਨਾਲ ਸਨਮਾਨਤ ਕੀਤਾ। ਸਨਮਾਨ ਦੇਣ ਵਾਲਿਆਂ ਵਿੱਚ ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ ਅਤੇ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਕੌਂਸਲਰ ਸ੍ਰੀਮਤੀ ਰਵਿੰਦਰ ਤੁਲੀ, ਐੱਸ.ਡੀ.ਓ. ਪਾਵਰਕਾਮ ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ ਕਾਲੜਾ ਗਿਆਨੀ ਦੀ ਹੱਟੀ ਵਾਲੇ, ਬੀ.ਯੂ.ਸੀ. ਕਾਲਜ ਦੇ ਪ੍ਰੋਫੈਸਰ ਨੀਰਜ ਸ਼ਰਮਾਂ, ਮੈਨੇਜਰ ਸੁਰਿੰਦਰ ਕੁਮਾਰ, ਨੀਲਮ ਮਹਾਜਨ, ਆਲ ਇੰਡੀਆ ਵੂਮੈਨ ਕਾਨਫਰੰਸ ਦੀ ਪ੍ਰਧਾਨ ਨਰਿੰਦਰ ਕੌਰ ਮੱਲੀ, ਸ਼ਿਵ ਲਾਲ ਸ਼ਰਮਾਂ, ਰਤਨ ਬਟਵਾਲ, ਅਨਿਲ ਸਹਿਦੇਵ, ਅਸ਼ੋਕ ਲੂਨਾ, ਅਮਰਜੀਤ ਸਿੰਘ ਸੋਢੀ ਤੋਂ ਇਲਾਵਾ ਬਟਾਲਾ ਸ਼ਹਿਰ ਦੀਆਂ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।  

ਪ੍ਰਿੰਸ ਕੁਮਾਰ ਨੂੰ ਸਨਮਾਨਤ ਕਰਨ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ ਅਤੇ ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ ਨੇ ਕਿਹਾ ਕਿ ਬਟਾਲਾ ਸ਼ਹਿਰ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਇਸ ਛੋਟੇ ਬੱਚੇ ਨੇ ਆਪਣੀ ਮਿੱਠੀ ਅਵਾਜ਼ ਨਾਲ ਪੂਰੀ ਦੁਨੀਆਂ ਦਾ ਦਿੱਲ ਜਿੱਤ ਕੇ ਬਟਾਲੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਛੋਟੀ ਉਮਰੇ ਹੀ ਪ੍ਰਿੰਸ ਕੁਮਾਰ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਅਤੇ ਇਹ ਬੱਚਾ ਸੰਗੀਤ ਦੀ ਦੁਨੀਆਂ ਵਿੱਚ ਆਪਣਾ ਵੱਡਾ ਨਾਮ ਬਣਾਵੇਗਾ। ਇਸ ਮੌਕੇ ਸਾਰੇ ਹਾਜ਼ਰੀਨ ਨੇ ਪ੍ਰਿੰਸ ਕੁਮਾਰ ਦੀ ਇਸ ਪ੍ਰਾਪਤੀ ’ਤੇ ਫਖਰ ਕਰਦਿਆਂ ਭਵਿੱਖ ਵਿੱਚ ਉਸਦੀ ਹੋਰ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਵਾਈਸ ਆਫ਼ ਪੰਜਾਬ ਪ੍ਰਿੰਸ ਕੁਮਾਰ ਨੇ ਆਪਣੇ ਸ਼ਹਿਰ ਨਿਵਾਸੀਆਂ ਦਾ ਏਨਾਂ ਮਾਣ ਕਰਨ ਲਈ ਧੰਨਵਾਦ ਕੀਤਾ। ਉਸਨੇ ਕਿਹਾ ਕਿ ਉਹ ਸੰਗੀਤ ਦੇ ਖੇਤਰ ਵਿੱਚ ਅੱਗੇ ਨਾਲੋਂ ਵੀ ਵੱਧ ਮਿਹਨਤ ਕਰੇਗਾ ਤਾਂ ਜੋ ਉਹ ਆਪਣੇ ਸ਼ਹਿਰ ਦਾ ਨਾਮ ਪੂਰੀ ਦੁਨੀਆਂ ’ਤੇ ਰੌਸ਼ਨ ਕਰ ਸਕੇ। ਇਸ ਮੌਕੇ ਪ੍ਰਿੰਸ ਕੁਮਾਰ ਨੇ ਆਪਣੀ ਮਿੱਠੀ ਅਵਾਜ਼ ਵਿੱਚ ਕੁਝ ਗੀਤ ਵੀ ਬੋਲੇ।  

Share and Enjoy !

Shares

Leave a Reply

Your email address will not be published.