Raavi voice # ਪ੍ਰਸ਼ਾਸਨ ਦੀ ਲਾਪਰਵਾਹੀ : ਸੜਕ ਵਿਚਾਲੇ ਪੁੱਟੇ ਖੱਡਿਆ ਕਾਰਨ ਆਮ ਜਨਤਾ ਪ੍ਰੇਸ਼ਾਨ

एस.ए.एस नगर

ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਖਰੜ ਵਿੱਚ ਨਿੱਝਰ ਰੋਡ ਤੇ ਛੱਜੂਮਾਜਰਾ ਚੌਂਕ ਵੱਲ ਜਾਂਦੇ ਰਸਤੇ ਵਿੱਚ ਸੜਕ ਵਿਚਾਲੇ ਨਗਰ ਕੌਂਸਲ ਵਲੋਂ ਲਗਭਗ ਪਿਛਲੇ ਡੇਢ ਕੁ ਮਹੀਨਾ ਪਹਿਲਾਂ ਇਕ ਵੱਡਾ ਖੱਡਾ ਪੁੱਟਿਆ ਗਿਆ ਸੀ ਜਿੱਥੇ ਸੀਵਰੇਜ ਦੀ ਲਾਈਨ ਦੀ ਮੁਰੰਮਤ ਕੀਤੀ ਜਾਣੀ ਸੀ ਅਤੇ ਉਸ ਥਾਂ ਤੇ ਇਹ ਵੱਡਾ ਖੱਡਾ ਉਸੇ ਤਰ੍ਹਾਂ ਹੀ ਛੱਡਿਆ ਹੋਇਆ ਹੈ, ਜਿਸ ਕਾਰਨ ਇੱਥੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਸੜਕ ਤੇ ਥੋੜ੍ਹਾ ਅੱਗੇ ਜਾ ਕੇ ਛੱਜੂਮਾਜਰਾ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਮ੍ਹਹਣੇ ਪੈਂਦੇ ਚੌਂਕ ਤੇ ਸੰਤੇਮਾਜਰਾ ਵੱਲ ਜਾਂਦੀ ਸੜਕ ਤੇ ਅਜਿਹਾ ਹੀ ਇੱਕ ਹੋਰ ਖੱਡਾ ਪੁੱਟਿਆ ਗਿਆ ਹੈ ਅਤੇ ਸੜਕ ਦੇ ਬਿਲਕੁਲ ਵਿਚਕਾਰ ਪੈਂਦੇ ਇਹਨਾਂ ਖੱਡਿਆਂ ਕਾਰਨ ਇੱਥੇ ਕਿਸੇ ਵੀ ਸਮੇਂ ਕਿਸੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗੀਰਾਂ ਅਤੇ ਦੁਕਾਨਦਾਰਾਂ ਰਾਹੁਲ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਨੇ ਦਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਇਸ ਸੜਕ ਉਪਰ ਪ੍ਰਸਾਸਨ ਵਲੋਂ ਇਹ ਖੱਡਾ ਸੜਕ ਵਿਚਾਲੇ ਪੁੱਟ ਦਿਤਾ ਗਿਆ ਸੀ ਪਰ ਇਸ ਖੱਡੇ ਨੂੰ ਅਜੇ ਤਕ ਨਹੀਂ ਭਰਿਆ ਗਿਆ। ਉਹਨਾਂ ਕਿਹਾ ਕਿ ਸੜਕ ਦੇ ਬਿਲਕੁਲ ਵਿਚਕਾਰ ਇਸ ਖੱਡੇ ਕਾਰਨ ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦਸਿਆ ਕਿ ਇਹ ਸੜਕ ਕੁੱਝ ਸਮਾਂ ਪਹਿਲਾਂ ਹੀ ਬਣਾਈ ਗਈ ਸੀ ਪਰੰਤੂ ਉਸ ਤੋਂ ਬਾਅਦ ਨਗਰ ਕੌਂਸਲ ਵਲੋਂ ਤਿੰਨ ਚਾਰ ਥਾਵਾਂ ਤੇ ਖੱਡੇ ਮਾਰ ਦਿੱਤੇ ਗਏ ਜਿਹਨਾਂ ਵਿੱਚੋਂ ਬਾਕੀ ਦੇ ਖੱਡੇ ਤਾਂ ਭਰ ਦਿੱਤੇ ਗਏ ਹਨ ਪਰੰਤੂ ਇਹ ਦੋ ਵੱਡੇ ਖੱਡੇ ਇਸੇ ਤਰ੍ਹਾਂ ਛੱਡ ਦਿੱਤੇ ਗਏ ਹਨ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਹਨਾਂ ਦਸਿਆ ਕਿ ਇਸ ਸੜਕ ਉਪਰ ਆਵਾਜਾਈ ਬਹੁਤ ਹੈ ਪਰ ਸੜਕ ਵਿਚਾਲੇ ਖੱਡਾ ਹੋਣ ਕਾਰਨ ਅਕਸਰ ਇਥੇ ਜਾਮ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਵੱਖ ਵੱਖ ਅਧਿਕਾਰੀਆਂ ਨੂੰ ਬੇਨਤੀ ਕਰ ਚੁਕੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਇਸ ਖੱਡੇ ਕਾਰਨ ਅਕਸਰ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਆਪਣੇ ਖਰੜ ਸ਼ਹਿਰ ਵਿੱਚ ਨਗਰ ਕੌਂਸਲ ਦੀ ਮਾੜੀ ਕਾਰਗੁਜਾਰੀ ਕਾਰਨ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਹਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਉਹ ਇਸ ਸੜਕ ਤੇ ਇੱਕ ਗੇੜੀ ਲਗਾ ਕੇ ਲੋਕਾਂ ਦੀ ਮਾੜੀ ਹਾਲਤ ਦਾ ਜਾਇਜਾ ਲੈਣ ਅਤੇ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ। ਉਹਨਾਂ ਮੰਗ ਕੀਤੀ ਕਿ ਸੜਕ ਵਿਚਾਲੇ ਪੁਟੇ ਗਏ ਇਸ ਖੱਡੇ ਨੂੰ ਤੁਰੰਤ ਭਰਿਆ ਜਾਵੇ। ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਖਰੜ ਦੇ ਐਸ ਡੀ ਓ ਹਰਪ੍ਰੀਤ ਸਿੰਘ ਭਿਊਰਾ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਹੈ ਅਤੇ ਇਹਨਾਂ ਖੱਡਿਆਂ ਨੂੰ ਛੇਤੀ ਹੀ ਭਰਵਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *