Raavi voice # ਡੇਂਗੂ ਦੀ ਬਿਮਾਰੀ ਨੂੰ ਠੱਲ ਪਾਉਣ ਲਈ ਡਿਪਟੀ ਕਮਿਸ਼ਨਰ ਨੇ ਮੋਰਚਾ ਸੰਭਾਲਿਆ, ਬੀਤੀ ਦੇਰ ਸ਼ਾਮ ਡੀ.ਸੀ. ਨੇ ਬਟਾਲਾ ਸ਼ਹਿਰ ਦਾ ਅਚਨਚੇਤ ਦੌਰਾ ਕਰਕੇ ਜ਼ਮੀਨੀ ਹਲਾਤਾਂ ਦਾ ਜਾਇਜਾ ਲਿਆ

बटाला

ਰਾਵੀ ਨਿਊਜ ਬਟਾਲਾ (ਸਰਵਨ ਕਲਸੀ)

ਬਟਾਲਾ ਸ਼ਹਿਰ ਵਿੱਚ ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਖੁਦ ਮੋਰਚਾ ਸੰਭਾਲ ਲਿਆ ਹੈ। ਬੀਤੀ ਦੇਰ ਸ਼ਾਮ ਡਿਪਟੀ ਕਮਿਸ਼ਨਰ ਨੇ ਅਚਨਚੇਤ ਬਟਾਲਾ ਸ਼ਹਿਰ ਦਾ ਦੌਰਾ ਕੀਤਾ ਅਤੇ ਸਿਹਤ ਵਿਭਾਗ ਤੇ ਨਗਰ ਨਿਗਮ ਵੱਲੋਂ ਡੇਂਗੂ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਬਟਾਲਾ ਸ਼ਹਿਰ ਦੇ ਮੀਆਂ ਮੁਹੱਲਾ, ਅੱਚਲੀ ਗੇਟ ਅਤੇ ਹਾਥੀ ਗੇਟ ਦਾ ਦੌਰਾ ਕੀਤਾ ਅਤੇ ਸ਼ਹਿਰ ਵਾਸੀਆਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਬਟਾਲਾ ਵਾਸੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਲਗਾਤਾਰ ਡੇਂਗੂ ਦੇ ਕੇਸ ਵੱਧਦੇ ਜਾ ਰਹੇ ਹਨ ਅਤੇ ਸ਼ਾਮ ਤੱਕ ਸਿਹਤ ਵਿਭਾਗ ਵੱਲੋਂ ਡੇਂਗੂ ਦੇ 45 ਕੇਸ ਰੀਪੋਰਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਤੇ ਨਗਰ ਨਿਗਮ ਦੀ ਟੀਮਾਂ ਵੱਲੋਂ ਕੀਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ਦੇ ਹਰ ਚੌਥੇ ਘਰ ਵਿੱਚ ਡੇਂਗੂ ਦਾ ਲਾਰਵਾ ਪਨਪ ਰਿਹਾ ਹੈ ਅਤੇ ਜੇਕਰ ਸ਼ਹਿਰ ਵਾਸੀਆਂ ਨੇ ਸਾਵਧਾਨੀ ਨਾ ਵਰਤੀ ਤਾਂ ਆਉਂਦੇ ਕੁਝ ਦਿਨਾਂ ਵਿੱਚ ਡੇਂਗੂ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 2600 ਘਰਾਂ ਵਿੱਚ ਫਰਿਜਾਂ ਦੀ ਬੈਕ ਟਰੇਅ, ਕੂਲਰਾਂ, ਛੱਤਾਂ ’ਤੇ ਪਏ ਕਬਾੜ ਦੇ ਸਮਾਨ, ਟਾਇਰਾਂ, ਮਨੀ ਪਲਾਂਟ, ਗਮਲਿਆਂ, ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਭਾਂਡਿਆਂ ਆਦਿ ਵਿੱਚ ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਓਥੇ ਡੇਂਗੂ ਦਾ ਮੱਛਰ ਪੈਦਾ ਹੋ ਰਿਹਾ ਹੈ, ਜੋ ਡੇਂਗੂ ਦੀ ਬਿਮਾਰੀ ਦਾ ਕਾਰਨ ਬਣ ਰਿਹਾ ਹੈ।  
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਪੂਰੇ ਸ਼ਹਿਰ ਦੇ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰਨ ਅਤੇ ਨਾਲ ਹੀ ਲੋਕਾਂ ਨੂੰ ਡੇਂਗੂ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਸ਼ਹਿਰ ਵਿੱਚ ਫਾਗਿੰਗ ਅਤੇ ਮੱਛਰ ਮਾਰਨ ਵਾਲੀ ਸਪਰੇਅ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਇੱਕ ਖਤਰਨਾਕ ਬਿਮਾਰੀ ਹੈ ਅਤੇ ਇਸਦੀ ਰੋਕਥਾਮ ਵਿੱਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ।
ਜਨਾਬ ਮੁਹੰਮਦ ਇਸ਼ਫ਼ਾਕ ਨੇ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਉਣ ਅਤੇ ਆਪਣੇ ਘਰਾਂ ਵਿਚ ਫਰਿਜਾਂ ਦੀ ਬੈਕ ਟਰੇਅ, ਕੂਲਰਾਂ, ਛੱਤਾਂ ’ਤੇ ਪਏ ਕਬਾੜ ਦੇ ਸਮਾਨ, ਟਾਇਰਾਂ, ਮਨੀ ਪਲਾਂਟ, ਗਮਲਿਆਂ, ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਭਾਂਡਿਆਂ ਨੂੰ ਸੁਕਾ ਕੇ ਸਾਫ ਕਰਦੇ ਰਹਿਣ। ਇਸ ਤੋਂ ਇਲਾਵਾ ਮੱਛਰ ਤੋਂ ਬਚਣ ਲਈ ਵੱਖ-ਵੱਖ ਸਾਧਨਾਂ ਦਾ ਇਸਤੇਮਾਲ ਕੀਤਾ ਜਾਵੇ। ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਸਰਕਾਰੀ ਹਸਪਤਾਲ ਤੋਂ ਡੇਂਗੂ ਦਾ ਟੈਸਟ ਅਤੇ ਇਲਾਜ ਕਰਵਾਇਆ ਜਾਵੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਡੇਂਗ ਦੀ ਰੋਕਥਾਮ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਐੱਸ.ਐੱਮ.ਓ. ਡਾ. ਲਲਿਤ ਮੋਹਨ, ਸੁਪਰਡੈਂਟ ਨਗਰ ਨਿਗਮ ਨਿਰਮਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।    

Leave a Reply

Your email address will not be published. Required fields are marked *