ਰਾਵੀ ਨਿਊਜ ਬਟਾਲਾ [ਸਰਵਣ ਸਿੰਘ ਕਲਸੀ]
ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਅਤੇ ਰਜਵੰਤ ਕੌਰ ਸੈਣੀ ਦੀ ਲਿਖੀ ਗਈ ਪੁਸਤਕ ‘ਪੰਜਾਬੀ ਸਾਹਿਤ ਗਿਆਨਾਵਲੀ’ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸ਼ਰਮਾ ਵੱਲੋਂ ਲੋਕ-ਅਰਪਣ ਕੀਤੀ ਗਈ। ਡਾ. ਯੋਗਰਾਜ ਸ਼ਰਮਾ ਨੇ ਇਸ ਪੁਸਤਕ ਨੂੰ ਲੋਕ-ਅਰਪਣ ਕਰਦਿਆਂ ਕਿਹਾ ਕਿ ਆਧੁਨਿਕਤ ਤਕਨੀਕੀ ਯੁੱਗ ਦੇ ਵਿਕਾਸ ਵਿੱਚ ਵੀ ਪੁਸਤਕਾਂ ਜ਼ਿੰਦਗੀ ਤੇ ਸਮਾਜ ਦੇ ਵਿਕਾਸ ਦਾ ਅਨਮੋਲ ਖ਼ਜ਼ਾਨਾ ਹੈ, ਜਿੰਨਾਂ੍ਹ ਤੋਂ ਵੱਧ ਤੋਂ ਵੱਧ ਫ਼ਾਇਦਾ ਉਠਾ ਕੇ ਸਮਾਜ ਨੂੰ ਹਮੇਸ਼ਾ ਨਰੋਆ ਬਣਾਉਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਹ ਜ਼ਿਕਰਯੋਗ ਹੈ ਕਿ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਦੀ ਇਹ 14ਵੀਂ ਪੁਸਤਕ ਹੈ, ਜਦੋਂ ਕਿ ਰਜਵੰਤ ਕੌਰ ਸੈਣੀ ਦੀ ਇਹ ਚੌਥੀ ਪੁਸਤਕ ਹੈ, ਜੋ ਕਿ ਪੰਜਾਬੀ ਸਾਹਿਤ ਦੇ ਵਸਤੂਨਿਸ਼ਠ ਗਿਆਨ ਨਾਲ ਸੰਬੰਧਿਤ ਅਹਿਮ ਪੁਸਤਕ ਹੈ। ਡਾ. ਯੋਗਰਾਜ ਸ਼ਰਮਾ ਵੱਲੋਂ ਲੇਖਕਾਂ ਦੀ ਇਸ ਪ੍ਰਾਪਤੀ ‘ਤੇ ਵਿਸ਼ੇਸ਼ ਰੂਪ ਵਿੱਚ ਮੁਬਾਰਕਬਾਦ ਦੇ ਕੇ ਇਹੋ ਜਿਹੇ ਹੋਰ ਖੋਜ-ਉਪਰਾਲੇ ਕਰਨ ਦੀ ਪ੍ਰੇਰਨਾ ਦਿੱਤੀ। ਇਹ ਪੁਸਤਕ ਪੰਜਾਬੀ ਵਿਸ਼ੇ ਦੀਆਂ ਹਰ ਤਰਾਂ੍ਹ ਦੀਆਂ ਵਿਭਾਗੀ ਪਰੀਖਿਆਵਾਂ, ਪੀ.ਸੀ.ਐੱਸ., ਆਈ.ਏ.ਐੱਸ., ਯੂ.ਜੀ.ਸੀ., ਨੈੱਟ ਤੇ ਹੋਰ ਮੁਕਾਬਲੇ ਦੀਆਂ ਪਰੀਖਿਆਵਾਂ ਲਈ ਇੱਕ ਲਾਭਕਾਰੀ ਪੁਸਤਕ ਹੈ। ਇਸ ਪੁਸਤਕ ਦੇ ਲੋਕ-ਅਰਪਣ ਸਮੇਂ ਲੇਖਕਾਂ ਤੋਂ ਇਲਾਵਾ ਨਾਟਕਕਾਰ ਡਾ. ਸੁਰੇਸ਼ ਮਹਿਤਾ, ਮਾਸਟਰ ਕਸ਼ਮੀਰ ਸਿੰਘ ਤੇ ਹੋਰ ਨਾਮੀ ਹਸਤੀਆਂ ਵੀ ਸ਼ਾਮਲ ਸਨ।