ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ.) ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਮੰਗ ਕੀਤੀ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ ’ਤੇ ਵਸਾਏ ਗਏ ਇਸ ਸ਼ਹਿਰ ਵਿਚ ਪੰਜਾਬੀ ਭਵਨ ਦੀ ਉਸਾਰੀ ਵਾਸਤੇ ਫ਼ੌਰੀ ਤੌਰ ’ਤੇ ਜਗ੍ਹਾ ਅਲਾਟ ਕੀਤੀ ਜਾਵੇ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਮੰਗ ਕਰ ਰਹੀਆਂ ਹਨ ਕਿ ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਸ਼ਹਿਰ ਵਿਚ ਪੰਜਾਬੀ ਭਵਨ ਬਣਾਇਆ ਜਾਵੇ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਇਸ ਅਹਿਮ ਮੰਗ ਪ੍ਰਤੀ ਸੰਜੀਦਗੀ ਨਹੀਂ ਵਿਖਾਈ। ਉਨ੍ਹਾਂ ਕਿਹਾ, ‘ਸਾਨੂੰ ਹੈਰਾਨੀ ਹੁੰਦੀ ਹੈ ਕਿ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਇਸ ਸ਼ਹਿਰ ਵਿਚ ਕੇਰਲਾ ਵਾਸੀਆਂ ਲਈ ਤਾਂ ਕੇਰਲਾ ਭਵਨ ਬਣਿਆ ਹੋਇਆ ਹੈ ਪਰ ਪੰਜਾਬੀਆਂ ਲਈ ਪੰਜਾਬੀ ਭਵਨ ਨਹੀਂ, ਜਿਸ ਕਾਰਨ ਪੰਜਾਬੀਆਂ ਨੂੰ ਅਪਣੀ ਹੀ ਧਰਤੀ ’ਤੇ ਬੇਗਾਨਗੀ ਦਾ ਅਹਿਸਾਸ ਹੋ ਰਿਹਾ ਹੈ।’ ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਨਾਮ ’ਤੇ ਵਸਾਏ ਗਏ ਇਸ ਸ਼ਹਿਰ ਵਿਚ ਪੰਜਾਬੀ ਭਵਨ ਦੀ ਅਣਹੋਂਦ ਹਰ ਪੰਜਾਬੀ ਹਿਤੈਸ਼ੀ ਨੂੰ ਰੜਕਦੀ ਹੈ। ਸ. ਧਨੋਆ ਨੇ ਕਿਹਾ ਕਿ ਐਸ.ਏ.ਐਸ. ਨਗਰ ਵਿਚ ਭਾਰੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਕਵੀ ਵਸਦੇ ਹਨ ਜੋ ਚਾਹੁੰਦੇ ਹਨ ਕਿ ਸ਼ਹਿਰ ਵਿਚ ਪੰਜਾਬੀ ਭਵਨ ਬਣਾਇਆ ਜਾਵੇ ਪਰ ਸਰਕਾਰ ਦੁਆਰਾ ਜਗ੍ਹਾ ਅਲਾਟ ਨਾ ਕੀਤੇ ਜਾਣ ਕਾਰਨ ਉਹ ਬੇਹੱਦ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਜਗ੍ਹਾ ਅਲਾਟ ਕਰ ਦਿੰਦੀ ਹੈ ਤਾਂ ਉਹ ਸਰਕਾਰ ਤੋਂ ਮਦਦ ਲਏ ਬਿਨਾਂ ਆਪ ਹੀ ਭਵਨ ਦੀ ਉਸਾਰੀ ਕਰਵਾ ਸਕਦੇ ਹਨ ਪਰ ਪਹਿਲਾ ਮਸਲਾ ਜਗ੍ਹਾ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਜਗ੍ਹਾ ਅਲਾਟ ਕਰੇ ਤਾਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀ ਦਾਨ ਦੇ ਪੈਸੇ ਨਾਲ ਇਸ ਭਵਨ ਦੀ ਉਸਾਰੀ ਕਰ ਸਕਣ। ਸ. ਧਨੋਆ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਹੋਰ ਕਈ ਯਾਦਗਾਰਾਂ ਅਤੇ ਭਵਨਾਂ ਲਈ ਗ੍ਰਾਂਟਾਂ ਜਾਰੀ ਕਰ ਰਹੇ ਹਨ, ਤੁਰੰਤ ਹੀ ਉਨ੍ਹਾਂ ਦੀ ਮੰਗ ਵੱਲ ਧਿਆਨ ਦੇਣ ਅਤੇ ਗਮਾਡਾ ਨੂੰ ਪੰਜਾਬੀ ਭਵਨ ਵਾਸਤੇ ਜਗ੍ਹਾ ਅਲਾਟ ਕਰਨ ਲਈ ਹਦਾਇਤ ਕਰਨ।