Raavi Voice # ਉੱਪ ਮੁੱਖ ਮੰਤਰੀ ਰੰਧਾਵਾ ਤੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਘਣੀਏ-ਕੇ-ਬਾਂਗਰ ਵਿੱਚ ਆਧੁਨਿਕ ਬਾਈ-ਪਾਸ ਪ੍ਰੋਟੀਨ ਪਲਾਂਟ ਦਾ ਨੀਂਹ ਪੱਥਰ ਰੱਖਿਆ

बटाला

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)

ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋ ਅੱਜ ਪਸ਼ੂ ਖੁਰਾਕ ਪਲਾਂਟ, ਘਣੀਏ-ਕੇ-ਬਾਂਗਰ ਵਿੱਚ ਆਧੁਨਿਕ ਬਾਈ-ਪਾਸ ਪ੍ਰੋਟੀਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕਮਲਦੀਪ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ, ਮਿਲਕਫੈਡ, ਪੰਜਾਬ, ਐੱਸ.ਐੱਸ.ਪੀ. ਨਾਨਕ ਸਿੰਘ, ਰਾਜੇਸ਼ ਬਲਸੋਤਰਾ, ਡਿਪਟੀ ਜਨਰਲ ਮੈਨੇਜਰ, ਪਸ਼ੂ ਖੁਰਾਕ ਪਲਾਂਟ ਘਣੀਏ-ਕੇ-ਬਾਂਗਰ, ਬਲਵਿੰਦਰ ਸਿੰਘ ਕੋਟਲਾਬਾਮਾ, ਮਾਰਕਿਟ ਕਮੇਟੀ ਫਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਓਂਕਾਰ ਸਿੰਘ ਲਾਟੀ, ਸਤਿੰਦਰ ਸਿੰਘ ਪਿੰਕਾ ਜਾਂਗਲਾ ਚੇਅਰਮੈਨ ਬਲਾਕ ਸੰਮਤੀ, ਤਰਪਾਲ ਸਿੰਘ ਪਾਰੋਵਾਲ ਸਮੇਤ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।

ਆਧੁਨਿਕ ਬਾਈ-ਪਾਸ ਪ੍ਰੋਟੀਨ ਪਲਾਂਟ ਦਾ ਨੀਂਹ ਪੱਥਰ ਰੱਖਦਿਆਂ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪਲਾਂਟ ਦੀ ਉਸਾਰੀ ’ਤੇ 10.25 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇੱਕ ਸਾਲ ਵਿੱਚ ਇਹ ਪਲਾਂਟ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦਾ ਇਹ ਦੂਸਰਾ ਪਲਾਂਟ ਹੈ ਜਿਥੇ ਬਾਈਪਾਸ ਪ੍ਰੋਟੀਨ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਈਪਾਸ ਪ੍ਰੋਟੀਨ ਪਲਾਂਟ ਰਾਹੀਂ ਸਰੋਂ ਦੀ ਖੱਲ, ਸੋਇਆ ਬੀਨ ਦੀ ਖੱਲ, ਮੂੰਗਫਲੀ ਦੀ ਖੱਲ, ਵੜੇਵਿਆਂ ਦੀ ਖੱਲ, ਸੂਰਜ ਮੁੱਖੀ ਦੀ ਖੱਲ ਅਤੇ ਹੋਰ ਖੱਲਾਂ ਜਿਨ੍ਹਾਂ ਵਿੱਚ ਪ੍ਰੋਟੀਨ ਦੀ ਵਧੇਰੀ ਮਾਤਰਾ ਹੁੰਦੀ ਹੈ, ਨੂੰ ਬਾਈਪਾਸ ਪ੍ਰੋਟੀਨ ਵਿੱਚ ਬਦਲਿਆ ਜਾ ਸਕੇਗਾ। ਬਾਈਪਾਸ ਪ੍ਰੋਟੀਨ ਪਲਾਂਟ ਨਾਲ ਪ੍ਰੋਟੀਨ ਦੀ ਪਸ਼ੂ ਦੇ ਸਰੀਰ ਲਈ ਉਪਲੱਬਤਾ ਨੂੰ 32 ਫੀਸਦੀ ਤੋਂ ਵਧਾ 72 ਫੀਸਦੀ ਤੱਕ ਕੀਤਾ ਜਾਂਦਾ ਹੈ। ਪ੍ਰੋਟੀਨ ਨੂੰ ਬਾਈਪਾਸ ਪ੍ਰੋਟੀਨ ਵਿੱਚ ਬਦਲਣ ਲਈ 9 ਦਿਨ ਦਾ ਸਮਾਂ ਲੱਗਦਾ ਹੈ। ਇਸ ਨਾਲ ਖੱਲ ਦੇ ਸਵਾਦ ਅਤੇ ਰੰਗ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਇਸ ਨੂੰ ਇੱਕ ਸਾਲ ਤੱਕ ਬਿਨ੍ਹਾਂ ਖਰਾਬ ਹੋਇਆਂ ਰੱਖਿਆ ਜਾ ਸਕਦਾ ਹੈ। ਸ. ਰੰਧਾਵਾ ਨੇ ਕਿਹਾ ਪ੍ਰੋਟੀਨ ਪਸ਼ੂਆਂ ਲਈ ਸਸਤਾ ਸਾਧਨ ਹੈ ਅਤੇ ਇਸ ਨਾਲ ਦੁੱਧ ਦਾ ਉਤਪਾਦਨ ਵੱਧਦਾ ਹੈ। ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦੀ ਜਰੂਰਤਾਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸਿਹਤ-ਸੁਧਾਰ ਵਿੱਚ ਇਸ ਪਲਾਂਟ ਦਾ ਅਹਿਮ ਯੋਗਦਾਨ ਰਹੇਗਾ।

ਉੱਪ ਮੁੱਖ ਮੰਤਰੀ ਸ. ਰੰਧਾਵਾ ਨੇ ਅੱਗੇ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਹਿਕਾਰਤਾ ਵਿਭਾਗ ਆਪਣੀ ਪਟੜੀ ਤੋਂ ਪੂਰੀ ਤਰਾਂ ਲੱਥ ਗਿਆ ਸੀ ਜਿਸਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁੱਧ ਦੀ ਪੈਦਾਵਾਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ ਅਤੇ ਵੇਰਕਾ ਵੱਲੋਂ ਦੁੱਧ ਤੋਂ ਬਣਨ ਵਾਲੇ ਕਈ ਨਵੇਂ ਪ੍ਰੋਡਕਟਸ ਤਿਆਰ ਕਰਕੇ ਬਜ਼ਾਰ ਵਿੱਚ ਉਤਾਰੇ ਗਏ ਹਨ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਸ਼ੂ ਖੁਰਾਕ ਪਲਾਂਟ, ਘਣੀਏ-ਕੇ-ਬਾਂਗਰ ਵਿੱਚ ਆਧੁਨਿਕ ਬਾਈ-ਪਾਸ ਪ੍ਰੋਟੀਨ ਪਲਾਂਟ ਲੱਗਣ ਨਾਲ ਜਿਥੇ ਸਹਿਕਾਰਤਾ ਵਿਭਾਗ ਅਤੇ ਪਸ਼ੂ ਪਾਲਕਾਂ ਨੂੰ ਲਾਭ ਹੋਵੇਗਾ ਓਥੇ ਇਸ ਲਈ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਵੀ ਮਿਲਣਗੇ। ਸ. ਬਾਜਵਾ ਨੇ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਬਚਾਉਣ ਲਈ ਸਹਿਕਾਰੀ ਵਿਭਾਗ ਨੂੰ ਪੈਰਾਂ ਸਿਰ ਕਰਨਾ ਬਹੁਤ ਜਰੂਰੀ ਹੈ ਅਤੇ ਉੱਪ ਮੁੱਖ ਮੰਤਰੀ ਸ. ਰੰਧਾਵਾ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਨੇ ਤਰੱਕੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਤੇ ਗੁਰਦਾਸਪੁਰ ਦੀਆਂ ਸਹਿਕਾਰੀ ਖੰਡ ਮਿਲਾਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ ਅਤੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਆਉਂਦੇ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਰੱਖਣਗੇ।

Share and Enjoy !

Shares

Leave a Reply

Your email address will not be published.