Raavi News # ਜ਼ਿਲ੍ਹੇ ’ਚ ਸੁਰੱਖਿਆ ਦੇ ਪੱਖ ਤੋਂ ਅਹਿਮ ਥਾਵਾਂ ’ਤੇ ਹੁਣ ਸੁਰੱਖਿਆ ਫੋਰਸਾਂ ਦੇ ਨਾਲ ਕੈਮਰੇ ਦੀ ਵੀ ਰਹੇਗੀ ਨਜ਼ਰ

बटाला

ਰਾਵੀ ਨਿਊਜ ਬਟਾਲਾ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ਤਹਿਤ ਵੱਖ-ਵੱਖ ਨਿਗਰਾਨ ਟੀਮਾਂ ਵੱਲੋਂ ਪੁਲਿਸ ਵਿਭਾਗ ਤੇ ਸੁਰੱਖਿਆ ਬਲਾਂ ਨਾਲ ਮਿਲ ਕੇ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪੱਖ ਤੋਂ ਅਹਿਮ ਸਥਾਨਾਂ ਉੱਪਰ ਵਿਸ਼ੇਸ਼ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਦਾ ਸੰਪਰਕ ਜ਼ਿਲ੍ਹਾ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ ਜਿਥੋਂ ਹਰ ਸਮੇਂ ਹਰ ਗਤੀਵਿਧੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪੱਖ ਤੋਂ ਅਹਿਮ 17 ਥਾਵਾਂ ’ਤੇ ਇਹ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 17 ਕੈਮਰਿਆਂ ਵਿਚੋਂ 10 ਕੈਮਰੇ ਐੱਸ.ਐੱਸ.ਪੀ. ਗੁਰਦਾਸਪੁਰ ਦੀ ਮੰਗ ’ਤੇ ਤਾਰਾਗੜ੍ਹ ਮੋੜ, ਮਰਾੜਾ, ਮਕੌੜਾ, ਬਰਿੱਜ ਬਾਹਮਣੀ, ਅੱਡਾ ਬਹਿਰਾਮਪੁਰ, ਹਾਈਡਲ ਬਰਿੱਜ ਗਾਹਲੜੀ, ਸ਼ਾਹਪੁਰ ਚੌਂਕ (ਦੋਰਾਂਗਲਾ), ਆਦੀਆ, ਅੱਡਾ ਦੋਸਤਪੁਰ, ਪੁੱਲ ਲੋਪਾ ਪਕੀਵਾਂ ਵਿਖੇ ਲਗਾਏ ਗਏ ਹਨ ਜਦਕਿ ਐੱਸ.ਐੱਸ.ਪੀ. ਬਟਾਲਾ ਦੀ ਮੰਗ ’ਤੇ 7 ਸੀਸੀਟੀਵੀ ਕੈਮਰੇ ਨਾਕਾ ਕਾਹਲਾਂਵਾਲੀ ਚੌਂਕ, ਨਾਕਾ ਟੀ-ਪੁਆਇੰਟ ਕੋਰੀਡੋਰ ਚੌਂਕ, ਨਾਕਾ ਅਗਵਾਨ, ਨਾਕਾ ਠੇਠਰਕੇ, ਨਾਕਾ ਧਰਮਕੋਟ ਪੱਤਣ, ਨਾਕਾ ਘੋਨੇਵਾਲ ਅਤੇ ਨਾਕਾ ਬੋਦੇ ਦੀ ਖੂਹੀ ਵਿਖੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਬਿਜਲੀ ਅਤੇ ਇੰਟਰਨੈਟ ਕੁਨੈਕਸ਼ਨ ਨਾਲ ਜ਼ਿਲ੍ਹਾ ਕੰਟਰੋਲਰੂਮ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 17 ਸਾਈਟਾਂ ਵਿਚੋਂ ਤਿੰਨ ਸਾਈਟਾਂ ਨਾਕਾ ਧਰਮਕੋਟ ਪੱਤਣ, ਨਾਕਾ ਘੋਨੇਵਾਲ ਅਤੇ ਬਰਿੱਜ ਬਾਹਮਣੀ ਵਿਖੇ ਬਿਜਲੀ ਕੁਨੈਕਸ਼ਨ ਨਹੀਂ ਸੀ ਇਸ ਲਈ ਇਨ੍ਹਾਂ ਸੀਸੀਟੀਵੀ ਕੈਮਰਿਆਂ ਨੂੰ ਸੋਲਰ ਸਿਸਟਮ ਨਾਲ ਜੋੜ ਕੇ ਪਾਵਰ ਦਿੱਤੀ ਗਈ ਹੈ ਅਤੇ ਇਨ੍ਹਾਂ ਦਾ ਲਿੰਕ ਵੀ ਕੰਟਰੋਲਰੂਮ ਨਾਲ ਜੋੜਿਆ ਗਿਆ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਸਦਰ ਮੁਕਾਮ ਵਿਖੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਵਿੱਚ ਕਰਮਚਾਰੀਆਂ ਦੀਆਂ ਰਾਊਂਡ ਦੀ ਕਲਾਕ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਹਰ ਵੇਲੇ ਨਿਗਰਾਨੀ ਰੱਖ ਰਹੇ ਹਨ। ਇਸਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ਉੱਪਰ ਪੁਲਿਸ ਤੇ ਸੁਰੱਖਿਆ ਬਲਾਂ ਦੇ ਸਾਂਝੇ ਨਾਕੇ ਵੀ ਲਗਾਏ ਹੋਏ ਹਨ ਜੋ ਹਰ ਵਿਅਕਤੀ ’ਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਹਰ ਰਾਜਨੀਤਿਕ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੀ ਨੇੜੇ ਤੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣਾਂ ਪੂਰੀ ਤਰ੍ਹਾਂ ਅਮਨ-ਪੂਰਵਕ, ਨਿਰਪੱਖ ਅਤੇ ਸ਼ਾਂਤਮਈ ਮਹੌਲ ਵਿੱਚ ਨੇਪਰੇ ਚਾੜੀਆਂ ਜਾਣਗੀਆਂ।

Share and Enjoy !

Shares

Leave a Reply

Your email address will not be published.