ਰਾਵੀ ਨਿਊਜ ਗੁਰਦਾਸਪੁਰ
ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਹੱਲ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਅੱਜ ਆਪਣੀ ਚੋਣ ਮੁਹਿੰਮ ਤਹਿਤ ਸ਼ਹਿਰ ਅੰਦਰ ਰੋਡ ਸ਼ੋਅ ਕੱਢਿਆ ਗਿਆ । ਇਹ ਰੋਡ ਸ਼ੋਅ ਸ਼ਹਿਰ ਦੇ ਹਨੂਮਾਨ ਚੌਕ ਤੋਂ ਸ਼ੁਰੂ ਹੋ ਕੇ ਪਹਿਲਾਂ ਬਾਟਾ ਚੌਕ ਅਤੇ ਉਸ ਤੋਂ ਬਾਅਦ ਲਾਇਬ੍ਰੇਰੀ ਚੌਕ ਪਹੁੰਚਿਆ । ਇਸ ਦੌਰਾਨ ਬੱਬੇਹਾਲੀ ਵੱਲੋਂ ਬਾਜ਼ਾਰ ਅੰਦਰ ਵੱਖ-ਵੱਖ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ । ਇਸ ਦੌਰਾਨ ਦੁਕਾਨਦਾਰਾਂ ਨੇ ਉਨ੍ਹਾਂ ਨਾਲ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ । ਬੱਬੇਹਾਲੀ ਨੇ ਯਕੀਨ ਦੁਆਇਆ ਕਿ ਸੂਬੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਨ ਮਗਰੋਂ ਜਿੱਥੇ ਹੋਰ ਵਰਗਾਂ ਦੇ ਮਸਲੇ ਹਲ਼ ਕੀਤੇ ਜਾਣਗੇ ਉੱਥੇ ਵਪਾਰੀ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਪਹਿਲ ਦੇ ਆਧਾਰ ਤੇ ਹਲ਼ ਕੀਤੀਆਂ ਜਾਣਗੀਆਂ । ਅਕਾਲੀ ਦਲ-ਬਸਪਾ ਗੱਠਜੋੜ ਨੂੰ ਮਿਲ ਰਹੇ ਸਮਰਥਨ ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਵਪਾਰੀ ਵਰਗ ਦੀ ਬਿਲਕੁਲ ਸਾਰ ਨਹੀਂ ਲਈ ਅਤੇ ਆਮ ਆਦਮੀ ਪਾਰਟੀ ਜੋ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ , ਉਹ ਵੀ ਸਰਾਸਰ ਝੂਠ ਦੀ ਰਾਜਨੀਤੀ ਹੈ । ਅਕਾਲੀ ਦਲ ਨੇ ਜੋ ਕਿਹਾ ਹੈ ਉਹ ਕਰ ਕੇ ਵਿਖਾਇਆ ਹੈ ।

