Raavi News # ਬਟਾਲਾ ਵਿੱਚ ਸਰਕਾਰੀ ਤਕਨੀਕੀ ਸੰਸਥਾਵਾਂ ਬੰਦ ਹੋਈਆਂ ਪਰ ਸੇਖੜੀ ਆਪਣੇ ਕਾਲਜ ਦੇ ਫਾਇਦੇ ਲਈ ਬੋਲਿਆ ਤੱਕ ਨਹੀਂ

चुनाव अखाड़ा 2022

ਰਾਵੀ ਨਿਊਜ ਬਟਾਲਾ
ਵਿਧਾਨ ਸਭਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ) ਨੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਨੂੰ ਮੌਕਾ ਪ੍ਰਸਤ ਆਗੂ ਦੱਸਦਿਆਂ ਕਿਹਾ ਹੈ ਕਿ ਜਦੋਂ-ਜਦੋਂ ਵੀ ਸੇਖੜੀ ਵਿਧਾਇਕ ਬਣਿਆ ਹੈ ਉਸ ਨੇ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਸਿਰਫ ਤੇ ਸਿਰਫ ਆਪਣਾ ਹੀ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੇਖੜੀ ਸਾਹਿਬ ਦਾ ਆਪਣਾ ਤਾਂ ਖੂਬ ਵਿਕਾਸ ਹੋ ਗਿਆ ਪਰ ਬਟਾਲਾ ਦਿਨੋਂ-ਦਿਨ ਪੱਛੜਦਾ ਹੀ ਗਿਆ।
ਅੱਜ ਬਟਾਲਾ ਸ਼ਹਿਰ ਵਿੱਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੇ ਕਿਹਾ ਕਿ ਅਸ਼ਵਨੀ ਸੇਖੜੀ ਨੇ ਹਮੇਸ਼ਾਂ ਹੀ ਬਟਾਲਾ ਵਾਸੀਆਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕੀਤੀਆਂ ਹਨ ਅਤੇ ਜਿੱਤਣ ਉਪਰੰਤ ਸੇਖੜੀ ਦੀ ਤਰਜੀਹ ਸਿਰਫ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚ ਚਲਾਇਆ ਜਾ ਰਿਹਾ ਆਈ. ਕੇ. ਗੁਲਰਾਜ ਪੀ.ਟੀ.ਯੂ ਕੈਂਪਸ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਿਆ ਹੈ, ਪਰ ਅਸ਼ਵਨੀ ਸੇਖੜੀ ਨੇ ਇਸਨੂੰ ਆਪਣੀ ਕਾਂਗਰਸ ਸਰਕਾਰ ਕੋਲੋਂ ਮੁੜ ਚਾਲੂ ਤਾਂ ਕੀ ਕਰਵਾਉਣਾ ਸੀ ਸਗੋਂ ਹਾਅ ਦਾ ਨਾਹਰਾ ਤੱਕ ਵੀ ਨਾ ਮਾਰਿਆ। ਉਨ੍ਹਾਂ ਕਿਹਾ ਕਿ ਸਰਕਾਰੀ ਪਾਲੀਟੈਕਨਿਕ ਕਾਲਜ ਅਤੇ ਆਈ.ਟੀ.ਆਈ. ਕਾਲਜ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਪਰ ਅਸ਼ਵਨੀ ਸੇਖੜੀ ਨੇ ਇਨ੍ਹਾਂ ਸਰਕਾਰੀ ਸੰਸਥਾਵਾਂ ਵੱਲ ਸਿਰਫ ਇਸ ਕਰਕੇ ਧਿਆਨ ਨਹੀਂ ਦਿੱਤਾ ਕਿਉਂਕਿ ਇਨ੍ਹਾਂ ਦੇ ਬੰਦ ਹੋਣ ਨਾਲ ਉਸਦੇ ਆਪਣੇ ਕਾਲਜ ਨੂੰ ਜੋ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਤਕਨੀਕੀ ਸੰਸਥਾਵਾਂ ਦਾ ਬੰਦ ਹੋਣਾ ਬਟਾਲਾ ਇਲਾਕੇ ਦੇ ਗਰੀਬ ਪਰਿਵਾਰਾਂ ਦੇ ਹਜ਼ਾਰਾਂ ਨੌਜਵਾਨਾਂ ਲਈ ਬਹੁਤ ਨੁਕਸਾਨਦੇਹ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਇਨ੍ਹਾਂ ਸਰਕਾਰੀ ਸੰਸਥਵਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਨਾਲ ਹੀ ਬਟਾਲਾ ਸ਼ਹਿਰ ਵਿੱਚ ਇੱਕ ਨਵਾਂ ਸਰਕਾਰੀ ਡਿਗਰੀ ਕਾਲਜ ਖੋਲ੍ਹਿਆ ਜਾਵੇਗਾ। ਸ਼ੈਰੀ ਕਲਸੀ ਨੇ ਕਿਹਾ ਕਿ ਸਨਅਤੀ ਸ਼ਹਿਰ ਵਜੋਂ ਜਾਣੇ ਜਾਂਦੇ ਬਟਾਲਾ ਸ਼ਹਿਰ ਦੀ ਸਨਅਤ ਆਖਰੀ ਸਾਹ ਲੈ ਰਹੀ ਹੈ ਪਰ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਇਸ ਨੂੰ ਬਚਾਉਣ ਲਈ ਇੱਕ ਵੀ ਸੁਹਿਰਦ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬਟਾਲਾ ਦੀ ਸਨਅਤ ਨੂੰ ਉੱਪਰ ਲਿਜਾਣ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇਗੀ।
ਸ਼ੈਰੀ ਕਲਸੀ ਨੇ ਕਿਹਾ ਕਿ ਇਸ ਵਾਰ ਬਟਾਲਾ ਸਮੇਤ ਪੂਰੇ ਪੰਜਾਬ ਵਿੱਚ ਬਦਲਾਅ ਦੀ ਹਵਾ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ ਪੰਜਾਬੀਆਂ ਦੇ ਸਹਿਯੋਗ ਨਾਲ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣਾ ਕੇ ਸੂਬੇ ਨੂੰ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ’ਤੇ ਲੈ ਕੇ ਜਾਵੇਗੀ। ਉਨ੍ਹਾਂ ਬਟਾਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਹ ਵੀ ਇਨਕਲਾਬ ਦਾ ਹਿੱਸਾ ਬਣਨ।

Share and Enjoy !

Shares

Leave a Reply

Your email address will not be published.