Raavi News # ਸ਼ਹੀਦ ਗੁਰਬਾਜ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

पंजाब राष्ट्रीय

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)

ਅਰੁਣਾਚਲ ਪ੍ਰਦੇਸ਼ ਦੀ ਭਾਰਤ-ਚੀਨ ਸਰਹੱਦ ’ਤੇ ਭਾਰਤੀ ਫੌਜ ਦੇ ਜਵਾਨ ਗੁਰਬਾਜ ਸਿੰਘ ਜਿਸਦੀ ਬੀਤੇ ਦਿਨੀ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆਉਣ ਕਾਰਨ ਸ਼ਹਾਦਤ ਹੋ ਗਈ ਸੀ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਉਸਦੇ ਪਿੰਡ ਮਸਾਣੀਆਂ ਵਿਖੇ ਕਰ ਦਿੱਤਾ ਗਿਆ। ਅੱਜ ਬਾਅਦ ਦੁਪਹਿਰ ਜਦੋਂ ਸ਼ਹੀਦ ਗੁਰਬਾਜ ਸਿੰਘ ਦੀ ਦੇਹ ਪਿੰਡ ਮਸਾਣੀਆਂ ਪਹੁੰਚੀ ਤਾਂ ਪਿੰਡ ਦੇ ਨੌਜਵਾਨਾਂ ਨੇ ‘ਸ਼ਹੀਦ ਗੁਰਬਾਜ ਸਿੰਘ ਅਮਰ ਰਹੇ’ ਦੇ ਅਕਾਸ਼ ਗੂੰਜਾਊ ਨਾਹਰੇ ਲਗਾਏ। ਸ਼ਹੀਦ ਗੁਰਬਾਜ ਸਿੰਘ ਦੇ ਅੰਤਿਮ ਸਸਕਾਰ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਤਰਫੋਂ  ਤਹਿਸੀਲਦਾਰ ਬਟਾਲਾ ਜਰਕਰਨ ਸਿੰਘ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਤਹਿਸੀਲਦਾਰ ਬਟਾਲਾ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਨਾਲ ਹੀ ਉਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀ ਨੀਤੀ ਤਹਿਤ ਸ਼ਹੀਦ ਦੇ ਪਰਿਵਾਰ ਦੀ ਹਰ ਤਰਾਂ ਨਾਲ ਮਦਦ ਕੀਤੀ ਜਾਵੇਗੀ। ਇਸ ਮੌਕੇ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਵੀ ਸ਼ਹੀਦ ਗੁਰਬਾਜ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਪਿੰਡ ਮਸਾਣੀਆਂ ਦੇ ਵਸਨੀਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਸ਼ਹੀਦ ਨੂੰ ਸਿਜਦਾ ਕੀਤਾ।    

ਸ਼ਹੀਦ ਗੁਰਬਾਜ ਸਿੰਘ ਦੇ ਸਸਕਾਰ ਮੌਕੇ ਭਾਰਤੀ ਫੌਜ ਦੇ ਜਵਾਨਾਂ ਨੇ ਮਾਤਮੀ ਧੁੰਨ ਵਜਾ ਕੇ ਅਤੇ ਹਥਿਆਰ ਉੱਲਟੇ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸਦੇ ਪਿਤਾ ਗੁਰਮੀਤ ਸਿੰਘ ਨੇ ਦਿਖਾਈ। ਪਿੰਡ ਮਸਾਣੀਆਂ ਦੇ ਵਸਨੀਕ ਹਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਗੁਰਬਾਜ ਸਿੰਘ ਪੁੱਤਰ ਗੁਰਮੀਤ ਸਿੰਘ  3 ਸਾਲ ਪਹਿਲਾਂ ਹੀ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਇਸ ਵੇਲੇ ਉਹ ਅਰੁਣਾਚਲ ਪ੍ਰਦੇਸ ਦੀ ਭਾਰਤ ਚੀਨ ਸਰਹੱਦ ’ਤੇ ਤਾਇਨਾਤ ਭਾਰਤੀ ਫ਼ੌਜ ਦੀ 62 ਮੀਡੀਅਮ ਫੀਲਡ ਰੈਜੀਮੈਂਟ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਉਨਾਂ ਦੱਸਿਆ ਕਿ 6 ਫਰਵਰੀ ਨੂੰ ਅਰੁਣਾਚਲ ਪ੍ਰਦੇਸ ਦੀ ਭਾਰਤ-ਚੀਨ ਸਰਹੱਦ ’ਤੇ ਗਸਤ ਦੌਰਾਨ ਇਸ ਰੈਜੀਮੈਂਟ ਦੇ 7 ਜਵਾਨ ਬਰਫੀਲੇ ਤੂਫਾਨ ਦੀ ਲਪੇਟ ’ਚ ਆ ਗਏ ਸਨ ਅਤੇ ਬਰਫ ਦੇ ਤੋਦਿਆਂ ਹੇਠ ਦੱਬਣ ਕਾਰਨ ਗੁਰਬਾਜ ਸਿੰਘ ਸ਼ਹੀਦ ਹੋ ਗਿਆ ਸੀ। ਉਨਾਂ ਕਿਹਾ ਕਿ ਸਾਨੂੰ ਆਪਣੇ ਪਿੰਡ ਦੇ ਬਹਾਦਰ ਜਵਾਨ ਗੁਰਬਾਜ ਸਿੰਘ ਉੱਪਰ ਬਹੁਤ ਫਖਰ ਹੈ ਅਤੇ ਦੇਸ਼ ਖਾਤਰ ਆਪਣੀ ਜਾਨ ਵਾਰਨ ਵਾਲਾ ਗੁਰਬਾਜ ਸਿੰਘ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਹੈ।


   

Share and Enjoy !

Shares

Leave a Reply

Your email address will not be published.