ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)
ਵਿਧਾਨ ਹਲਕਾ ਮੋਹਾਲੀ ਵਿੱਚ ਕਾਂਗਰਸੀ ਵਿਧਾਇਕ ਅਤੇ ਸ਼ਰਾਬ ਦੇ ਕਾਰੋਬਾਰੀ ਬਲਬੀਰ ਸਿੰਘ ਸਿੱਧੂ ਦੇ ਕਾਰਜਕਾਲ ਦੌਰਾਨ ਹਲਕਾ ਮੋਹਾਲੀ ਦੇ ਪਿੰਡਾਂ ਵਿੱਚ ਜਾਂ ਤਾਂ ਨਸ਼ੇ ਪਹੁੰਚਦੇ ਰਹੇ ਅਤੇ ਜਾਂ ਫਿਰ ਵਿਧਾਇਕ ਸਿੱਧੂ ਨੇ ਪਿੰਡਾਂ ਵਿੱਚ ਨੌਜਵਾਨਾਂ ਉਤੇ ਝੂਠੇ ਪੁਲਿਸ ਕੇਸ ਦਰਜ ਕਰਵਾਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਸ੍ਰ. ਕੁਲਵੰਤ ਸਿੰਘ ਨੇ ਅੱਜ ਹਲਕੇ ਦੇ ਪਿੰਡ ਕੰਬਾਲਾ, ਕੰਬਾਲੀ, ਪਾਪਡ਼ੀ, ਚਾਚੂਮਾਜਰਾ, ਕੁਰਡ਼ੀ ਆਦਿ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਇਕ ਸਿੱਧੂ ਨੇ ਹਲਕੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਬਜਾਇ ਆਪਣੇ ਸ਼ਰਾਬ ਦੇ ਕਾਰੋਬਾਰ ਨੂੰ ਉਚਾ ਚੁੱਕਿਆ ਅਤੇ ਹਰ ਗਲ਼ੀ-ਮੋਡ਼ ਉਤੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ। ਸ਼ਹਿਰ ਮੋਹਾਲੀ ਵਿੱਚ ਤਾਂ ਕਈ ਥਾਈਂ ਸਥਾਨਕ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ। ਪਿੰਡਾਂ ਵਿੱਚ ਨੌਜਵਾਨਾਂ ਉਤੇ ਦਰਜ ਕਰਵਾਏ ਝੂਠੇ ਕੇਸਾਂ ਅਤੇ ਸ਼ਰਾਬ ਦੇ ਠੇਕਿਆਂ ਤੋਂ ਪਿੰਡਾਂ ਦੀਆਂ ਔਰਤਾਂ ਬੇਹੱਦ ਦੁਖੀ ਹੋ ਰਹੀਆਂ ਹਨ। ਆਉਂਦੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੂੰ ਇਨ੍ਹਾਂ ਜ਼ਿਆਦਤੀਆਂ ਦਾ ਖਾਮਿਆਜ਼ਾ ਭੁਗਤਣਾ ਪਵੇਗਾ ਅਤੇ ਲੋਕੀਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾਡ਼ੂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣਗੇ।