Raavi News # ਕਾਂਗਰਸ ਵੱਲੋਂ ਸਪਾਂਸਰ ਅਖੌਤੀ ਵਪਾਰ ਮੰਡਲ ਵਪਾਰੀਆਂ ਨਾਲ ਦਿਖਾ ਰਿਹਾ ਹੈ ਝੂਠਾ ਮੋਹ – ਸੁਰਿੰਦਰ ਸ਼ਰਮਾ

चुनाव अखाड़ा 2022

ਰਾਵੀ ਨਿਊਜ ਗੁਰਦਾਸਪੁਰ

ਗੁਰਦਾਸਪੁਰ ਦਾ ਅਖੌਤੀ ਵਪਾਰ ਮੰਡਲ ਕਾਂਗਰਸ ਵੱਲੋਂ ਸਪਾਂਸਰ ਹੈ ਅਤੇ ਸ਼ਹਿਰ ਦੇ ਵਪਾਰੀਆਂ ਪ੍ਰਤੀ ਝੂਠਾ ਮੋਹ ਦਿਖਾਇਆ ਜਾ ਰਿਹਾ ਹੈ । ਇਹ ਗੱਲ ਸੀਨੀਅਰ ਅਕਾਲੀ ਨੇਤਾ ਅਤੇ ਐੱਨਆਰਆਈ ਸੁਰਿੰਦਰ ਸ਼ਰਮਾ ਨੇ ਇੱਥੋਂ ਦੇ ਹੋਟਲ ਇੰਟਰਨੈਸ਼ਨਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ । ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਅੱਜ ਤੋਂ ਪੰਜ ਸਾਲ ਪਹਿਲਾਂ ਤਿਆਰ ਬਰ ਤਿਆਰ ਏਜੀਐੱਮ ਮਾਲ ਨੂੰ ਸੱਤਾ ਦੇ ਨਸ਼ੇ ਵਿੱਚ ਕਾਨੂੰਨੀ ਦਾਅ ਪੇਚ ਖੇਡ ਕੇ ਬੰਦ ਕਰਵਾ ਦਿੱਤਾ ਗਿਆ । ਜੇਕਰ ਇਹ ਮਾਲ ਪੂਰੀ ਸਮਰੱਥਾ ਨਾਲ ਚਲਦਾ ਤਾਂ ਸ਼ਹਿਰ ਅੰਦਰ 400-500 ਦੇ ਕਰੀਬ ਨੌਜਵਾਨਾਂ ਨੂੰ ਰੋਜ਼ਗਾਰ ਨਸੀਬ ਹੋਣਾ ਸੀ । ਜਿਹੜੇ ਲੋਕ ਸ਼ਾਪਿੰਗ ਅਤੇ ਮਨ ਪ੍ਰਚਾਵੇ ਲਈ ਪਠਾਨਕੋਟ, ਅੰਮ੍ਰਿਤਸਰ ਵਰਗੇ ਸ਼ਹਿਰਾਂ ਨੂੰ ਜਾਂਦੇ ਹਨ, ਉਹ ਆਪਣੇ ਸ਼ਹਿਰ ਵਿੱਚ ਹੀ ਖਰਚਾ ਕਰਦੇ ਜਿਸ ਨਾਲ ਸ਼ਹਿਰ ਦੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਫ਼ਾਇਦਾ ਹੁੰਦਾ । ਸੁਰਿੰਦਰ ਸ਼ਰਮਾ ਨੇ ਸਵਾਲ ਕੀਤਾ ਕਿ ਕੀ ਉਸ ਵੇਲੇ ਇਸ ਅਖੌਤੀ ਵਪਾਰ ਮੰਡਲ ਨੂੰ ਵਪਾਰੀਆਂ ਦੀ ਯਾਦ ਨਹੀਂ ਆਈ ? ਉਸ ਵੇਲੇ ਦੇ ਕਾਂਗਰਸੀ ਵਿਧਾਇਕ ਨੂੰ ਇੱਕ ਵਾਰ ਵੀ ਯਾਦ ਕਿਉਂ ਨਹੀਂ ਕਰਵਾਇਆ ਗਿਆ ਕਿ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ । ਸੁਰਿੰਦਰ ਸ਼ਰਮਾ ਨੇ ਸ਼ਹਿਰ ਦੀਆਂ ਹਿੰਦੂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਰਹਿੰਦੇ ਹਿੰਦੂਆਂ ਦੀ ਵੀ ਸਾਰ ਲੈਣ ਕਿਉਂਕਿ ਉਹ ਉਸ ਵੇਲੇ ਹੀ ਸਰਗਰਮ ਹੁੰਦੇ ਹਨ ਜਦੋਂ ਸ਼ਹਿਰੀ ਹਿੰਦੂਆਂ ਦੀ ਗੱਲ ਸਾਹਮਣੇ ਆਉਂਦੀ ਹੈ । ਇਹ ਸੰਗਠਨ ਪਿੰਡਾਂ ਦੇ ਹਿੰਦੂਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰਦੇ ਹਨ ? ਉਨ੍ਹਾਂ ਯਾਦ ਦੁਆਇਆ ਕਿ ਥਾਣੇਵਾਲ ਪਿੰਡ ਦੇ ਸਤੀਸ਼ ਕੁਮਾਰ ਡਿੰਪਲ ਤੇ ਝੂਠਾ ਪਰਚਾ ਦਰਜ ਕਰਵਾ ਕੇ ਛੇ ਮਹੀਨੇ ਲਈ ਜੇਲ੍ਹ ਵਿੱਚ ਰੱਖਿਆ ਗਿਆ ।  ਪਰਿਵਾਰ ਨਾਲ ਸਬੰਧਿਤ ਮੁਲਾਜ਼ਮਾਂ ਦੀਆਂ ਦੂਰ ਦੁਰਾਡੇ ਬਦਲੀਆਂ ਕਰਵਾ ਦਿੱਤੀਆਂ ਗਈਆਂ ਪਰ ਕਿਸੇ ਵੀ ਜਥੇਬੰਦੀ ਨੇ ਉਨ੍ਹਾਂ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ । ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਲਸ਼ਨ ਸੈਣੀ ਨੇ ਇਸ ਮੌਕੇ ਕਿਹਾ ਕਿ ਗੁਰਦਾਸਪੁਰ ਵਿੱਚ ਕਾਫ਼ੀ ਸਾਲ ਪਹਿਲਾਂ ਜਦੋਂ ਮੰਦਿਰ ਗੁਰਦੁਆਰਾ ਵਿਵਾਦ ਉੱਭਰਿਆ ਸੀ ਤਾਂ ਅਕਾਲੀ ਦਲ ਦੇ ਤਤਕਾਲੀ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਹਿੰਦੂ –ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ । ਉਨ੍ਹਾਂ ਹਲਕਾ  ਵਾਸੀਆਂ ਨੂੰ ਅਪੀਲ ਕੀਤੀ ਕਿ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਤੇ ਵਿਸ਼ਵਾਸ ਕਰ ਕੇ ਉਨ੍ਹਾਂ ਨੂੰ ਮੌਕਾ ਦੇਣ ਕਿਉਂਕਿ ਉਹ ਭਾਈਚਾਰਕ ਏਕਤਾ ਦੇ ਹਾਮੀ ਹਨ । ਇਸ ਮੌਕੇ ਯੂਥ ਅਕਾਲੀ ਆਗੂ ਬੌਬੀ ਮਹਾਜਨ, ਤਰੁਨ ਮਹਾਜਨ, ਸਾਬਕਾ ਚੇਅਰਮੈਨ ਅਸ਼ੋਕ ਮਹਾਜਨ, ਵਪਾਰ ਮੰਡਲ ਤੋਂ ਕੁਲਦੀਪ ਮਹਾਜਨ, ਨਰਿੰਦਰ ਕੁਮਾਰ ਟੀਟੂ, ਦੀਪਕ ਮਹਾਜਨ ਵੀ ਮੌਜੂਦ ਸਨ ।

Share and Enjoy !

Shares

Leave a Reply

Your email address will not be published.