ਰਾਵੀ ਨਿਊਜ ਗੁਰਦਾਸਪੁਰ
ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਇੰਦਰਾਂ ਵਾਲ ਮੌਜੂਦਾ ਕਾਂਗਰਸੀ ਮੈਂਬਰ ਪੰਚਾਇਤ ਤਰਸੇਮ ਮਸੀਹ ਨੇ ਪਿੰਡ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਇੱਕ ਚੋਣ ਮੀਟਿੰਗ ਦੌਰਾਨ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ । ਇਸ ਚੋਣ ਮੀਟਿੰਗ ਦੌਰਾਨ ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਸਿਰੋਪੇ ਭੇਂਟ ਕਰ ਕੇ ਤਰਸੇਮ ਮਸੀਹ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ । ਤਰਸੇਮ ਮਸੀਹ ਨੇ ਇਸ ਮੌਕੇ ਕਿਹਾ ਕਿ ਬੀਤੇ ਪੰਜ ਸਾਲ ਸੂਬੇ ਵਿੱਚ ਕਾਂਗਰਸ ਨੇ ਲੋਕਾਂ ਨੂੰ ਰਾਹਤ ਦੇਣ ਵਾਲਾ ਕੋਈ ਕੰਮ ਨਹੀਂ ਕੀਤਾ । ਆਮ ਲੋਕਾਂ ਦੀ ਲੁੱਟ ਖਸੁੱਟ ਕਰ ਕੇ ਆਪਣੀਆਂ ਜੇਬਾਂ ਭਰਨ ਤੋਂ ਇਲਾਵਾ ਇਸ ਪਾਰਟੀ ਦੇ ਨੁਮਾਇੰਦਿਆਂ ਨੂੰ ਕੁਝ ਨਜ਼ਰ ਨਹੀਂ ਆਇਆ । ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਜਤਾਉਂਦਿਆਂ ਅਕਾਲੀ ਦਲ ਦੀ ਜਿੱਤ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ । ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਤਰਸੇਮ ਮਸੀਹ ਦਾ ਸਵਾਗਤ ਕਰਦਿਆਂ ਕਿਹਾ ਕਿ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਚੋਣਾਂ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮਜ਼ਬੂਤ ਅਤੇ ਸਥਿਰ ਸਰਕਾਰ ਮਿਲੇਗੀ । ਇਸ ਮੌਕੇ ਡਾਕਟਰ ਜਤਿੰਦਰ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ, ਜਸਵਿੰਦਰ ਸਿੰਘ, ਜ਼ੈਲਦਾਰ ਹਰਦੀਪ ਸਿੰਘ , ਜੌੜਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਵੀ ਮੌਜੂਦ ਸਨ ।