ਰਾਵੀ ਨਿਊਜ ਮੋਹਾਲੀ
ਮੋਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਟ੍ਰੇਨਰਾਂ ਅਤੇ ਹੋਰ ਸਟਾਫ ਨੇ ਗਰੇਟਰ ਪੰਜਾਬ ਜਿੰਮ ਐਸੋਸੀਏਸ਼ਨ ਦੇ ਬੈਨਰ ਹੇਠ 20 ਜਨਵਰੀ ਨੂੰ ਦੁਪਹਿਰ 12.00 ਵਜੇ ਪ੍ਰਸ਼ਾਸਨ ਵਲੋਂ ਜਿੰਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮਾਂ ਦੇ ਖ਼ਿਲਾਫ਼ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜਿੱਥੇ ਸ਼ਾਪਿੰਗ ਮਾਲ ਹੋਟਲ ਰੈਸਤਰਾਂ ਆਦਿ ਖੁੱਲ੍ਹੇ ਰੱਖਣ ਦੀ ਇਜਾਜ਼ਤ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਉਥੇ ਜਿੰਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਮੁਹਾਲੀ ਵਿੱਚ ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਦੀ ਹੋਈ ਹੰਗਾਮੀ ਮੀਟਿੰਗ ਵਿਚ ਕਿਹਾ ਗਿਆ ਕਿ ਜਦੋਂ ਸ਼ਾਪਿੰਗ ਮਾਲ, ਰੈਸਤਰਾਂ, ਹੋਟਲ, ਬਾਰ ਆਦਿ ਖੋਲ੍ਹੇ ਜਾ ਸਕਦੇ ਹਨ ਤਾਂ ਜਿਮ ਕਿਓਂ ਨਹੀਂ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨੇਸ਼ਨ ਸਮੇਤ ਜੋ ਸ਼ਰਤਾਂ ਸ਼ਾਪਿੰਗ ਮਾਲ ਅਤੇ ਹੋਟਲ ਰੈਸਤਰਾਂ ਵਾਲੇ ਪੂਰੀ ਕਰਦੇ ਹਨ ਉਸੇ ਤਰ੍ਹਾਂ ਜਿੰਮ ਅਤੇ ਫਿਟਨੈੱਸ ਸੈਂਟਰਾਂ ਵਾਲੇ ਵੀ ਕਰਦੇ ਹਨ। ਤਾਂ ਫੇਰ ਸਿਰਫ਼ ਜਿਮ ਅਤੇ ਫਿਟਨੈੱਸ ਸੈਂਟਰ ਬੰਦ ਰੱਖਣ ਦੀ ਵਜ੍ਹਾ ਕੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਸ਼ਾਸਨਿਕ ਫੈਸਲਿਆਂ ਕਾਰਨ ਜਿਮ ਅਤੇ ਫਿਟਨੈੱਸ ਇੰਡਸਟਰੀ ਪੂਰੀ ਤਰ੍ਹਾਂ ਤਬਾਹ ਹੋ ਕੇ ਰਹਿ ਗਈ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਦੀ ਮਦਦ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਤੀਜੀ ਵਾਰੀ ਹੈ ਜਦੋਂ ਜਿਮ ਸੈਂਟਰਾਂ ਅਤੇ ਫਿਟਨੈੱਸ ਸੈਂਟਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜਦੋਂ ਸਭ ਕੁਝ ਖੁੱਲ੍ਹਾ ਹੈ ਤਾਂ ਜਿਮ ਬੰਦ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਡ ਅੱਡ ਮੈਸੇਜ ਕਰਨ ਜਾਂ ਗੱਲਾਂ ਕਰਨ ਨਾਲ ਕੁਝ ਨਹੀਂ ਬਣਨਾ ਸੰਗਠਿਤ ਹੋ ਕੇ ਕਾਰਵਾਈ ਕਰਨ ਨਾਲ ਹੀ ਜਿਮ ਸੈਂਟਰਾਂ ਦਾ ਕੋਈ ਭਲਾ ਹੋ ਸਕਦਾ ਹੈ। ਉਨ੍ਹਾਂ ਇਸ ਮੌਕੇ ਸਮੂਹ ਜਿਮ ਟ੍ਰੇਨਰਾਂ, ਮਾਲਕਾਂ, ਸਟਾਫ, ਹਾਊਸ ਕੀਪਿੰਗ ਅਤੇ ਜਿੰਮ ਵਿੱਚ ਕਸਰਤ ਕਰਨ ਲਈ ਆਉਣ ਵਾਲੇ ਮੈਂਬਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਹੁੰਮ ਹੁਮਾ ਕੇ 20 ਜਨਵਰੀ ਨੂੰ ਇਕੱਠੇ ਹੋਣ ਤਾਂ ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਧੱਕੇ ਨਾਲ ਸੰਗਠਿਤ ਹੋ ਕੇ ਲੜਿਆ ਜਾ ਸਕੇ। ਇਸ ਮੌਕੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਪੂਰੇ ਹਿੰਦੁਸਤਾਨ ਵਿੱਚ ਹੀ ਫਿਟਨੈੱਸ ਇੰਡਸਟਰੀ ਖ਼ਤਰੇ ਵਿੱਚ ਹੈ ਅਤੇ ਸਰਕਾਰ ਦੇ ਅਜਿਹੇ ਹੁਕਮਾਂ ਨਾਲ ਜਿੰਮ ਮਾਲਕਾਂ ਨੂੰ ਆਪਣਾ ਘਰ ਚਲਾਉਣਾ ਵੀ ਔਖਾ ਹੋ ਗਿਆ ਹੈ। ਇਸ ਮੌਕੇ ਧਰਮਪਾਲ (ਡੀ ਥ੍ਰੀ ਜਿੰਮ), ਆਰਿਅਨ (ਪੈਸ਼ਨ ਜ਼ੀਰਕਪੁਰ), ਸੁੱਖੀ (ਬਾਰਬੈੱਲ), ਸੂਰਜ ਭਾਨ (ਐਫਜ਼ੈੱਡ), ਮਹਿੰਦਰ (ਅਲਟੀਮੇਟ), ਪੰਕਜ (ਬਰਨ), ਪ੍ਰਦੀਪ (ਓਕਟੇਨ), ਤਨਵੀਰ (ਕਲੈਪਸ ਜਿਮ), ਮਾਨ (ਓਰਨ), ਤਜਿੰਦਰ (ਓਹੀਓ), ਰਣਧੀਰ (ਸ਼ਾਰਪ), ਅਭਿਨਵ (ਜਸਟ), ਅਭਿਸ਼ੇਕ (ਅਲਟੀਮੇਟ) ਸਮੇਤ ਹੋਰ ਜਿਮ ਓਨਰ ਅਤੇ ਟ੍ਰੇਨਰ ਹਾਜ਼ਰ ਸਨ।