Raavi News # ਜਦੋਂ ਪ੍ਰਸ਼ਾਸਨ ਦੀ ਟੀਮ ਕੋਵਿਡ ਵੈਕਸੀਨ ਲਗਾਉਣ ਲਈ ਲੱਕੜ ਦੀ ਪੌੜੀ ਰਾਹੀਂ ਮਕਾਨ ਅੰਦਰ ਦਾਖਲ ਹੋਈ

गुरदासपुर आसपास ताज़ा दुनिया राष्ट्रीय

ਰਾਵੀ ਨਿਊਜ ਬਟਾਲਾ

20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ 100 ਫੀਸਦੀ ਵੋਟਰਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਹਰ ਘਰ ਤੱਕ ਪਹੁੰਚ ਕਰਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇੱਕ ਵੀ ਯੋਗ ਵਿਅਕਤੀ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ। ਚੋਣ ਅਮਲੇ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਵੈਕਸੀਨ ਲਗਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਅੱਜ ਉਸ ਸਮੇਂ ਇੱਕ ਵਿਲੱਖਣ ਉਦਾਹਰਨ ਦੇਖਣ ਨੂੰ ਮਿਲੀ ਜਦੋਂ ਵੈਕਸੀਨੇਸ਼ਨ ਟੀਮ ਨੇ ਬਟਾਲਾ ਸ਼ਹਿਰ ਦੇ ਇੱਕ ਘਰ ਜਿਸ ਵਿੱਚ ਜਾਣ ਲਈ ਇਕੋ-ਇੱਕ ਰਸਤਾ ਲੱਕੜ ਦੀ ਪੌੜੀ ਸੀ, ਉਸ ਰਾਹੀਂ ਓਥੇ ਪਹੁੰਚ ਕਰਕੇ ਉਸ ਪਰਿਵਾਰ ਨੂੰ ਕੋਵਿਡ ਵੈਕਸੀਨ ਲਗਾਈ। ਵਾਕਿਆ ਬਟਾਲਾ ਦੇ ਨਹਿਰੂ ਗੇਟ ਲਾਗੇ ਰਚਨਾ ਦੇ ਵੇਹੜੇ ਮੁਹੱਲੇ ਦਾ ਹੈ। ਇਸ ਮੁਹੱਲੇ ਵਿੱਚ ਵਿਨੋਦ ਕੁਮਾਰ ਦਾ ਘਰ ਹੈ ਅਤੇ ਇਹ ਘਰ ਮਕਾਨ ਦੀ ਉਪਰਲੀ ਮੰਜ਼ਿਲ ’ਤੇ ਸਥਿਤ ਹੈ। ਇਸ ਘਰ ਵਿੱਚ ਜਾਣ ਲਈ ਇੱਕੋ-ਇੱਕ ਰਸਤਾ ਗਲੀ ਵਿੱਚ ਲੱਗੀ ਹੋਈ ਲੱਕੜ ਦੀ ਪੌੜੀ ਹੈ। ਜਦੋਂ ਸੈਕਟਰ ਅਫ਼ਸਰ ਜਸਬੀਰ ਸਿੰਘ, ਬੀ.ਐੱਲ.ਓ. ਸੁਨੀਲ ਕੁਮਰ ਅਤੇ ਏ.ਐੱਨ.ਐੱਮ. ਆਸ਼ਾ ਰਾਣੀ ਨੂੰ ਪਤਾ ਲੱਗਾ ਕਿ ਮਾਕਨ ਦੇ ਉਪਰਲੀ ਮੰਜ਼ਿਲ ਵਿੱਚ ਰਹਿ ਰਹੇ ਇੱਕ ਪਰਿਵਾਰ ਨੂੰ ਅਜੇ ਤੱਕ ਵੈਕਸੀਨ ਨਹੀਂ ਲੱਗੀ ਤਾਂ ਇਹ ਟੀਮ ਲੱਕੜ ਦੀ ਪੌੜੀ ਜਰੀਏ ਉਸ ਮਕਾਨ ਵਿੱਚ ਪਹੁੰਚ ਗਈ। ਮਕਾਨ ਮਾਲਕ ਵਿਨੋਦ ਕੁਮਾਰ ਅਤੇ ਉਸਦੀ ਪਤਨੀ ਸ਼ੀਤਲ (ਜਿਸਦਾ ਚਾਰ ਮਹੀਨੇ ਦਾ ਇੱਕ ਬੱਚਾ ਸੀ) ਨੂੰ ਇਸ ਟੀਮ ਵੱਲੋਂ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ। ਇਸਤੋਂ ਬਾਅਦ ਵਿਨੋਦ ਕੁਮਾਰ ਅਤੇ ਉਸਦੀ ਪਤਨੀ ਸ਼ੀਤਲ ਦੋਵਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ। ਜ਼ਿਲ੍ਹਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਐੱਸ.ਡੀ.ਐੱਮ. ਬਟਾਲਾ ਸ੍ਰੀ ਰਾਮ ਸਿੰਘ ਨੂੰ ਜਦੋਂ ਵੈਕਸੀਨੇਸ਼ਨ ਟੀਮ ਦੀ ਇਸ ਕਾਰਗੁਜ਼ਾਰੀ ਦਾ ਪਤਾ ਲੱਗਾ ਤਾਂ ਇਨ੍ਹਾਂ ਅਧਿਕਾਰੀਆਂ ਨੇ ਇਸ ਟੀਮ ਦੇ ਮੈਂਬਰਾਂ ਨੂੰ ਸ਼ਾਬਾਸ਼ੀ ਦਿੱਤੀ। ਐੱਸ.ਡੀ.ਐੱਮ. ਬਟਾਲਾ ਸ੍ਰੀ ਰਾਮ ਸਿੰਘ ਨੇ ਸੈਕਟਰ ਅਫ਼ਸਰ ਜਸਬੀਰ ਸਿੰਘ, ਬੀ.ਐੱਲ.ਓ. ਸੁਨੀਲ ਕੁਮਰ ਨੂੰ ਆਪਣੇ ਦਫ਼ਤਰ ਬੁਲਾ ਕੇ ਜਿਥੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਓਥੇ ਇਨ੍ਹਾਂ ਦੋਵਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਤ ਵੀ ਕੀਤਾ। ਐੱਸ.ਡੀ.ਐੱਮ. ਸ੍ਰੀ ਰਾਮ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਟਾਲਾ ਵਿੱਚ ਵੋਟਰਾਂ ਨੂੰ ਵੈਕਸੀਨੇਟ ਕਰਨ ਲਈ ਜੋ ਅਭਿਆਨ ਚਲਾਇਆ ਜਾ ਰਿਹਾ ਹੈ ਉਸ ਵਿੱਚ ਹਰ ਟੀਮ ਮੈਂਬਰ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਕਟਰ ਅਫ਼ਸਰ ਜਸਬੀਰ ਸਿੰਘ ਅਤੇ ਬੀ.ਐੱਲ.ਓ. ਸੁਨੀਲ ਕੁਮਰ ਵੱਲੋਂ ਜਿਸ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ  ਜਾ ਰਹੀ ਹੈ ਉਹ ਦੂਸਰਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਸਮੂਹ ਸੈਕਟਰ ਅਫ਼ਸਰਾਂ, ਬੀ.ਐੱਲ.ਓਜ਼ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਵੈਕਸੀਨ ਦੇ 100 ਫੀਸਦੀ ਟੀਚੇ ਨੂੰ ਪੂਰਾ ਕਰਨ ਲਈ ਪੂਰੇ ਸਿਰੜ ਅਤੇ ਹਿੰਮਤ ਨਾਲ ਕੋਸ਼ਿਸ਼ਾਂ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਜਲਦੀ 100 ਫੀਸਦੀ ਵੈਕਸੀਨੇਸ਼ਨ ਦੇ ਟੀਚੇ ਨੂੰ ਹਾਸਲ ਕਰ ਲਿਆ ਜਾਵੇਗਾ।

Share and Enjoy !

Shares

Leave a Reply

Your email address will not be published.