ਰਾਵੀ ਨਿਊਜ ਮੁਹਾਲੀ (ਗੁਰਵਿੰਦਰ ਸਿੰਘ ਮੋਹਾਲੀ)
ਮੁਹਾਲੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਣਥੱਕ ਯਤਨਾਂ ਨੂੰ ਉਦੋਂ ਬੂਰ ਪੈ ਗਿਆ ਜਦੋਂ ਮੁਹਾਲੀ ਸ਼ਹਿਰ ਵਿੱਚ ਇੱਕ ਵਿਸ਼ਾਲ ਅਤੇ ਸ਼ਾਨਦਾਰ ਆਡੀਟੋਰੀਅਮ ਦੀ ਉਸਾਰੀ ਵਾਸਤੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਮੋਹਾਲੀ ਨਗਰ ਨਿਗਮ ਨੂੰ ਸੈਕਟਰ 78 ਵਿੱਚ ਲਗਪਗ ਢਾਈ ਏਕੜ ਜ਼ਮੀਨ ਅਲਾਟ ਕਰ ਦਿੱਤੀ। ਚੇਤੇ ਰਹੇ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮੁਹਾਲੀ ਵਿੱਚ ਜਨਤਕ ਮੀਟਿੰਗ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਹੋਰਨਾਂ ਅਹਿਮ ਮੰਗਾਂ ਦੇ ਨਾਲ ਨਾਲ ਇਹ ਮੰਗ ਵੀ ਰੱਖੀ ਸੀ ਕਿ ਮੁਹਾਲੀ ਵਿੱਚ ਆਡੀਟੋਰੀਅਮ ਦੀ ਉਸਾਰੀ ਵਾਸਤੇ ਜ਼ਮੀਨ ਅਲਾਟ ਕੀਤੀ ਜਾਵੇ ਅਤੇ ਮੁੱਖ ਮੰਤਰੀ ਨੇ ਇਹ ਮੰਗ ਮੌਕੇ ਤੇ ਹੀ ਮੰਨਣ ਦਾ ਐਲਾਨ ਕੀਤਾ ਸੀ। ਸਾਬਕਾ ਸਿਹਤ ਮੰਤਰੀ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਸਿੱਧੂ ਨੇ ਦੱਸਿਆ ਕਿ ਗਮਾਡਾ ਵੱਲੋਂ ਇਸ ਜ਼ਮੀਨ ਦੀ ਅਲਾਟਮੈਂਟ ਸਬੰਧੀ ਪੱਤਰ ਨਗਰ ਨਿਗਮ ਮੋਹਾਲੀ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ 2.237 ਏਕੜ ਜ਼ਮੀਨ ਗਮਾਡਾ ਵੱਲੋਂ ਮੁਹਾਲੀ ਨਗਰ ਨਿਗਮ ਨੂੰ ਮੁਫ਼ਤ ਦਿੱਤੀ ਗਈ ਹੈ। ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਸਿੱਧੂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਤਿੰਨ ਸਾਲਾਂ ਦੇ ਅੰਦਰ ਅੰਦਰ ਇਸ ਜ਼ਮੀਨ ਉੱਤੇ ਆਡੀਟੋਰੀਅਮ ਦੀ ਉਸਾਰੀ ਕੀਤੀ ਜਾਣੀ ਹੈ। ਇਸ ਲਈ ਛੇਤੀ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਇੱਥੇ ਨੀਂਹ ਪੱਥਰ ਰੱਖ ਕੇ ਆਡੀਟੋਰੀਅਮ ਦੀ ਉਸਾਰੀ ਦਾ ਕੰਮ ਆਰੰਭ ਕਰਵਾਉਣਗੇ।
15 ਕਰੋੜ ਰੁਪਏ ਦੇਵੇਗੀ ਸਰਕਾਰ
ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਆਡੀਟੋਰੀਅਮ ਦੀ ਉਸਾਰੀ ਵਾਸਤੇ ਪੰਜਾਬ ਸਰਕਾਰ 15 ਕਰੋੜ ਰੁਪਏ ਦੇਵੇਗੀ ਜਿਸ ਵਾਸਤੇ ਸਰਕਾਰ ਨੂੰ ਉਨ੍ਹਾਂ ਦੀ ਗੱਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਇੱਥੇ ਆਲੀਸ਼ਾਨ ਆਡੀਟੋਰੀਅਮ ਦੀ ਉਸਾਰੀ ਕੀਤੀ ਜਾਵੇਗੀ ਜੋ ਚੰਡੀਗੜ੍ਹ ਦੇ ਟੈਗੋਰ ਥੀਏਟਰ ਨਾਲੋਂ ਵੀ ਵਿਸ਼ਾਲ ਅਤੇ ਸ਼ਾਨਦਾਰ ਹੋਵੇਗਾ। ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੱਥੇ ਵੱਡੀ ਪਾਰਕਿੰਗ ਦੇ ਨਾਲ ਨਾਲ ਬਹੁਤ ਵੱਡਾ ਆਡੀਟੋਰੀਅਮ ਹਾਲ ਬਣੇਗਾ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਦੀ ਸੀਟਿੰਗ ਕਪੈਸਿਟੀ ਹੋਵੇਗੀ। ਇਸ ਦੇ ਨਾਲ ਨਾਲ ਇੱਥੇ ਲਿਫਟ ਵੀ ਲੱਗੇਗੀ ਅਤੇ ਕਮਰੇ ਵੀ ਬਣਨਗੇ। ਉਨ੍ਹਾਂ ਕਿਹਾ ਕਿ ਮੁਹਾਲੀ ਵੱਡੇ ਪੱਧਰ ਤੇ ਸਨਅਤੀ ਹੱਬ ਬਣਦਾ ਜਾ ਰਿਹਾ ਹੈ ਅਤੇ ਇੱਥੇ ਆਡੀਟੋਰੀਅਮ ਵਿਚ ਕਾਨਫ਼ਰੰਸਾਂ ਕਰਵਾਉਣ ਲਈ ਵੀ ਬੰਦੋਬਸਤ ਕੀਤਾ ਜਾਵੇਗਾ।
ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ
ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਦੇ ਬਣਨ ਨਾਲ ਮੋਹਾਲੀ ਵਿਚ ਰੰਗ ਕਰਮੀਆਂ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਜਿਨ੍ਹਾਂ ਨੂੰ ਹਾਲ ਦੀ ਘੜੀ ਚੰਡੀਗੜ੍ਹ ਦੇ ਟੈਗੋਰ ਥੀਏਟਰ ਵੱਲ ਤੱਕਣਾ ਪੈਂਦਾ ਰਿਹਾ ਹੈ। ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਵੱਲੋਂ ਆਡੀਟੋਰੀਅਮ ਦੀ ਜ਼ਮੀਨ ਅਲਾਟ ਕਰਵਾਉਣ ਲਈ ਕੀਤੇ ਅਣਥੱਕ ਯਤਨਾਂ ਸਬੰਧੀ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਨਾਲ ਉਕਤ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਹਾਊਸਿੰਗ ਮੰਤਰੀ ਸੁੱਖ ਸਰਕਾਰੀਆ ਦਾ ਜ਼ਮੀਨ ਦੀ ਅਲਾਟਮੈਂਟ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।
