ਰਾਵੀ ਨਿਊਜ ਐਸ.ਏ.ਐਸ ਨਗਰ (ਗੁਰਵਿੰਦਰ ਸਿਂਘ ਮੋਹਾਲੀ)
ਮੁਹਾਲੀ ਨਗਰ ਨਿਗਮ ਦੀ ਹੱਦਬੰਦੀ ਵਧਾਉਣ ਸਬੰਧੀ ਅਗਲੇ ਪੜਾਅ ਦੀ ਤਿਆਰੀ ਸ਼ੁਰੂ ਹੋ ਗਈ ਹੈ ਤੇ ਛੇਤੀ ਹੀ ਇਹ ਕਾਰਵਾਈ ਮੁਕੰਮਲ ਹੋਣ ਦੀ ਆਸ ਵੀ ਬਣ ਗਈ ਹੈ। ਇਸ ਮਾਮਲੇ ਵਿਚ ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਮੋਹਾਲੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਤੇ ਹੋਰ ਅਧਿਕਾਰੀਆਂ ਨੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੁਨੀਤ ਗੋਇਲ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਮੁਹਾਲੀ ਦੀ ਹੱਦਬੰਦੀ ਵਧਾਉਣ ਸਬੰਧੀ ਤੇ ਮੋਹਾਲੀ ਨਗਰ ਨਿਗਮ ਨਾਲ ਸਬੰਧਤ ਹੋਰ ਮਸਲੇ ਵਿਚਾਰੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਸਿੱਧੂ ਨੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨੂੰ ਕਿਹਾ ਕਿ ਮੁਹਾਲੀ ਦੀ ਹੱਦਬੰਦੀ ਸਬੰਧੀ ਪ੍ਰੋਸੀਡਿੰਗ ਨੂੰ ਛੇਤੀ ਮੁਕੰਮਲ ਕੀਤਾ ਜਾਵੇ। ਇਸ ਦੇ ਨਾਲ ਨਾਲ ਸਾਬਕਾ ਸਿਹਤ ਮੰਤਰੀ ਨੇ ਜਨ ਸਿਹਤ ਵਿਭਾਗ ਦਾ ਕੰਮ ਮੋਹਾਲੀ ਨਗਰ ਨਿਗਮ ਅਧੀਨ ਲੈਣ ਸੰਬੰਧੀ ਡਾਇਰੈਕਟਰ ਸਥਾਨਕ ਸਰਕਾਰ ਨਾਲ ਗੱਲਬਾਤ ਕੀਤੀ ਅਤੇ ਇਸ ਕਾਰਵਾਈ ਨੂੰ ਵੀ ਛੇਤੀ ਮੁਕੰਮਲ ਚੜ੍ਹਾਉਣ ਲਈ ਕਿਹਾ।
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨੂੰ ਕਿਹਾ ਕਿ ਮੋਹਾਲੀ ਦੀ ਹੱਦਬੰਦੀ ਵਧਾਉਣ ਸਬੰਧੀ ਨਗਰ ਨਿਗਮ ਵੱਲੋਂ ਮਤਾ ਪਾਸ ਕਰਨ ਤੋਂ ਬਾਅਦ ਬਾਕੀ ਕਾਰਵਾਈ ਮੁਕੰਮਲ ਕਰਕੇ ਸਥਾਨਕ ਸਰਕਾਰ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ ਤੇ ਰੈਵੇਨਿਊ ਵਿਭਾਗ ਦੇ ਰਿਕਾਰਡ ਅਨੁਸਾਰ ਨਕਸ਼ਾ ਵੀ ਬਣਾ ਕੇ ਸਥਾਨਕ ਸਰਕਾਰ ਵਿਭਾਗ ਨੂੰ ਦਿੱਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਥਾਨਕ ਸਰਕਾਰ ਵਿਭਾਗ ਵੱਲੋਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਇਸ ਵਧਾਈ ਗਈ ਹੱਦਬੰਦੀ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਨ ਸਿਹਤ ਵਿਭਾਗ ਨੂੰ ਮੁਹਾਲੀ ਨਗਰ ਨਿਗਮ ਅਧੀਨ ਲੈਣ ਸਬੰਧੀ ਵੀ ਮਤਾ ਪਾਸ ਕਰਕੇ ਸਥਾਨਕ ਸਰਕਾਰ ਵਿਭਾਗ ਨੂੰ ਕਾਫ਼ੀ ਸਮਾਂ ਪਹਿਲਾਂ ਭੇਜਿਆ ਗਿਆ ਸੀ ਤੇ ਇਸ ਉੱਤੇ ਵੀ ਲੋੜੀਂਦੀ ਕਾਰਵਾਈ ਹੋਣੀ ਜ਼ਰੂਰੀ ਹੈ।
ਇਸ ਮੌਕੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਸੁਮੀਤ ਗੋਇਲ ਨੇ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਮੁਹਾਲੀ ਬਲਬੀਰ ਸਿੰਘ ਸਿੱਧੂ ਨੂੰ ਭਰੋਸਾ ਦਿੱਤਾ ਸਥਾਨਕ ਸਰਕਾਰ ਵਿਭਾਗ ਵੱਲੋਂ ਤੇਜ਼ੀ ਨਾਲ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰ ਵੱਲੋਂ ਮੁਹਾਲੀ ਦੀ ਹੱਦਬੰਦੀ ਸਬੰਧੀ ਕਾਰਵਾਈ ਦੀ ਫਾਈਲ ਮੁਕੰਮਲ ਕਰਕੇ ਅਗਲੇ ਹਫ਼ਤੇ ਉੱਚ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਵੇਗੀ। ਇਸ ਮੌਕੇ ਸਥਾਨਕ ਸਰਕਾਰ ਵਿਭਾਗ ਦੇ ਜੁਆਇੰਟ ਡਾਇਰੈਕਟਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।