Raavi News # ਸਵੀਪ ਟੀਮ ਨੇ ਈ.ਵੀ.ਐਮ, ਵੀਵੀਪੈਟ ਤੇ ਚੋਣ ਪ੍ਰੀਕ੍ਰਿਆ ਬਾਰੇ ਦਿੱਤੀ ਜਾਣਕਾਰੀ

बटाला

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)

ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ  ਦੀਆਂ ਹਦਾਇਤਾਂ ਤਹਿਤ ਸਵੀਪ ਟੀਮ ਵੱਲੋਂ ਬਟਾਲਾ ਸ਼ਹਿਰ ਦੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਈ.ਵੀ.ਐੱਮ. ਅਤੇ ਵੀਵੀਪੈਟ ਦੀ ਵਰਤੋਂ ਸਬੰਧੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਜ ਬਟਾਲਾ ਵਿਖੇ ਜਾਗਰੂਕਤਾ ਮੁਹਿੰਮ ਦੌਰਾਨ ਜਾਣਕਾਰੀ ਦਿੰਦਿਆਂ ਸੈਕਟਰ ਅਫ਼ਸਰ ਜਗਦੀਪ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਹਰ ਵੋਟਰ ਨੂੰ ਚੋਣ ਪ੍ਰੀਕ੍ਰਿਆ ਅਤੇ ਈ.ਵੀ.ਐੱਮ. ਅਤੇ ਵੀਵੀਪੈਟ ਮਸ਼ੀਨਾਂ ਬਾਰੇ ਦੱਸਣਾ ਹੈ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਪਾਉਣ ਸਮੇਂ ਕੋਈ ਮੁਸ਼ਕਲ ਨਾ ਆਵੇ।
ਸੈਕਟਰ ਅਫ਼ਸਰ ਜਗਦੀਪ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ, ਪੋਲਿੰਗ ਏਜੇਂਟ ਅਧਿਕਾਰਤ ਵੋਟਰ ਸੂਚੀ ਵਿੱਚ ਤੁਹਾਡੇ ਨਾਮ ਦੀ ਜਾਂਚ ਕਰੇਗਾ। ਇਸ ਤੋਂ ਬਾਅਦ ਤੁਹਾਡੇ ਆਈਡੀ ਪਰੂਫ਼ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਆਪਣੀ ਵੋਟ ਪਾਉਣ ਸਮੇਂ ਆਈਡੀ ਪਰੂਫ ਲੈ ਕੇ ਜਾਣਾ ਨਾ ਭੁੱਲੋ।
ਸੈਕਟਰ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਬਾਅਦ ਪੋਲਿੰਗ ਅਧਿਕਾਰੀ ਤੁਹਾਡੀ ਉਂਗਲੀ `ਤੇ ਸਿਆਹੀ ਲਿਆਏਗਾ ਅਤੇ ਇੱਕ ਰਜਿਸਟਰ (ਫਾਰਮ 17 ਏ) `ਤੇ ਤੁਹਾਡੇ ਦਸਤਖਤ ਵੀ ਕਰਵਾਏਗਾ। ਇਸ ਤੋਂ ਬਾਅਦ ਤੁਹਾਨੂੰ ਆਪਣੀ ਸਲਿੱਪ ਤੀਜੇ ਪੋਲਿੰਗ ਅਧਿਕਾਰੀ ਕੋਲ ਜਮ੍ਹਾ ਕਰਵਾਉਣੀ ਪਵੇਗੀ ਅਤੇ ਆਪਣੀ ਸਿਆਹੀ ਵਾਲੀ ਉਂਗਲੀ ਦਿਖਾਉਣੀ ਪਵੇਗੀ। ਇਸ ਤੋਂ ਬਾਅਦ ਤੁਸੀਂ ਬੂਥ `ਤੇ ਜਾਓਗੇ। ਬੂਥ `ਤੇ ਜਾ ਕੇ, ਤੁਸੀਂ ਈਵੀਐਮ ਵਿਚ ਜਿਸ ਉਮੀਦਵਾਰ ਨੂੰ ਵੋਟ ਪਾਉਣਾ ਚਾਹੁੰਦੇ ਹੋ, ਉਸ ਦੇ ਚੋਣ ਨਿਸ਼ਾਨ ਦੇ ਸਾਹਮਣੇ ਵਾਲਾ ਬਟਨ ਦਬਾਓਗੇ। ਜਦੋਂ ਬਟਨ ਦਬਾਇਆ ਜਾਂਦਾ ਹੈ, ਤਾਂ ਇੱਕ ਬੀਪ ਸੁਣਾਈ ਦੇਵੇਗੀ। ਤੁਹਾਨੂੰ ਈਵੀਐਮ ਮਸ਼ੀਨ ਦੇ ਨਾਲ ਵੀਵੀਪੈਟ ਮਸ਼ੀਨ ਦੀ ਡਿਸਪਲੇ ਵਿੱਚ ਇੱਕ ਸਲਿੱਪ ਦਿਖਾਈ ਦੇਵੇਗੀ। ਇਸ ਵਿੱਚ ਸੀਰੀਅਲ ਨੰਬਰ ਦੇ ਨਾਲ ਉਮੀਦਵਾਰ ਦਾ ਨਾਮ ਅਤੇ ਚਿੱਤਰ 7 ਸੈਕਿੰਡ ਤੱਕ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ  ਨੋਟਾ ਬਟਨ ਦੀ ਵਰਤੋਂ ਕਰ ਸਕਦੇ ਹੋ। ਇਹ ਈਵੀਐਮ ਮਸ਼ੀਨ ਦਾ ਆਖਰੀ ਬਟਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਫ਼ੋਨ, ਕੈਮਰੇ ਆਦਿ ਲੈ ਕੇ ਜਾਣ ਦੀ ਮਨਾਹੀ ਹੁੰਦੀ ਹੈ। ਤੁਹਾਡੀ ਵੋਟ ਪਾਉਣ ਤੁਹਾਡੀ ਥਾਂ ’ਤੇ ਕੋਈ ਹੋਰ ਨਹੀਂ ਜਾ ਸਕਦਾ।ਇਸੇ ਦੌਰਾਨ ਸਵੀਪ ਟੀਮ ਵੱਲੋਂ ਵੋਟਰਾਂ ਨੂੰ ਈ.ਵੀ.ਐੱਮ. ਅਤੇ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕਰਨ ਬਾਰੇ ਪ੍ਰੈਕਟੀਕਲੀ ਜਾਣਕਾਰੀ ਵੀ ਦਿੱਤੀ।

Share and Enjoy !

Shares

Leave a Reply

Your email address will not be published.