Raavi News # ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਬਾਗਬਾਨੀ ਵਿਭਾਗ ਨੇ ਫ਼ਲਦਾਰ ਬੂਟਿਆਂ ਦੀ ਸੰਭਾਲ ਲਈ ਬਾਗਬਾਨਾਂ ਨੂੰ ਸਲਾਹ ਜਾਰੀ ਕੀਤੀ

वायरल खबर

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)

ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਬਾਗਬਾਨੀ ਵਿਭਾਗ ਨੇ ਫ਼ਲਦਾਰ ਬੂਟਿਆਂ ਦੀ ਸੰਭਾਲ ਲਈ ਬਾਗਬਾਨਾਂ ਨੂੰ ਸਲਾਹ ਜਾਰੀ ਕੀਤੀ ਹੈ। ਬਟਾਲਾ ਦੇ ਬਾਗਬਾਨੀ ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਨਵੰਬਰ ਦੇ ਅਖਰੀਲੇ ਦਿਨਾਂ ਵਿੱਚ ਸਦਾ ਹਰੇ ਰਹਿਣ ਵਾਲੇ ਛੋਟੇ ਬੂਟਿਆਂ ਉੱਪਰ ਖਾਸ ਕਰਕੇ ਨਵੇਂ ਲਗਾਏ ਬੂਟਿਆਂ ਨੂੰ ਠੰਢ ਤੋਂ ਬਚਾਉਣ ਲਈ ਕੁੱਲੀਆਂ ਬਣਾ ਦੇਣੀਆਂ ਚਾਹੀਦੀਆਂ ਹਨ। ਇਹ ਕੁੱਲੀਆਂ ਸਰਕੰਡੇ, ਕਮਾਦ ਦੀ ਖੋਰੀ, ਮੱਕੀ ਦੇ ਟਾਂਡਿਆਂ ਆਦਿ ਦੀਆਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੁੱਲੀਆਂ ਦੱਖਣ-ਪੱਛਮੀ ਪਾਸੇ ਵੱਲੋਂ ਖੁੱਲੀਆਂ ਰੱਖੋ ਤਾਂ ਕਿ ਪੌਦਿਆਂ ਨੂੰ ਧੁੱਪ ਲੱਗ ਸਕੇ।
ਬਾਗਬਾਨੀ ਅਫ਼ਸਰ ਨੇ ਕਿਹਾ ਕਿ ਛੋਟੇ ਬਾਗਾਂ ਵਿੱਚ ਅੰਤਰ-ਫ਼ਸਲਾਂ ਜਿਵੇਂ ਕਿ ਕਣਕ, ਮਟਰ, ਦਾਲਾਂ ਅਤੇ ਸੇਂਜੀ ਆਦਿ ਬੀਜਣ ਲਈ ਢੁੱਕਵਾਂ ਸਮਾਂ ਚੱਲ ਰਿਹਾ ਹੈ। ਪੱਤਝੜ ਵਾਲੇ ਬੂਟੇ ਲਾਉਣ ਲਈ ਜ਼ਮੀਨ ਦੀ ਚੋਣ, ਬੂਟਿਆਂ ਦੀ ਵਿਉਂਤਬੰਦੀ ਅਤੇ ਬੂਟਿਆਂ ਦੀ ਅਗਾਊਂ ਬੁਕਿੰਗ ਲਈ ਇਹ ਢੁੱਕਵਾਂ ਸਮਾਂ ਹੈ। ਪੱਤਝੜ ਵਾਲੇ ਬੂਟਿਆਂ ਜਿਵੇਂ ਕਿ ਆੜੂ, ਅਲੂਚਾ, ਨਾਖ, ਅੰਗੂਰ ਆਦਿ ਦਾ ਪਾਣੀ ਰੋਕ ਦਿਉ ਤਾਂ ਕਿ ਸਰਦੀ ਆਉਣ ਤੋਂ ਪਹਿਲਾਂ ਇਹ ਬੂਟੇ ਸਿਥਲ ਅਵਸਥਾ ਵਿੱਚ ਆ ਜਾਣ ਤੇ ਠੰਡ ਤੋਂ ਵੀ ਬਚ ਸਕਣ।
ਉਨ੍ਹਾਂ ਕਿਹਾ ਕਿ ਬੇਰਾਂ ਦੇ ਬਾਗਾਂ ਨੂੰ ਨਵੰਬਰ ਦੇ ਮਹੀਨੇ ਪਾਣੀ ਜਰੂਰ ਦਿਓ ਅਤੇ ਜਮੀਨ ਨੂੰ ਖੁਸ਼ਕ ਨਾ ਹੋਣ ਦਿਓ।ਸਰਦੀਆਂ ਵਿਚ 3-4 ਹਫ਼ਤੇ ਬਾਅਦ ਪਾਣੀ ਦਿੰਦੇ ਰਹੋ। ਮਾਲਟੇ ਤੇ ਮੁਸੰਮੀ ਅਤੇ ਅਰਲੀ ਗੋਲਡ ਕਿਸਮਾਂ ਦੀ ਤੁੜਾਈ ਸ਼ੁਰੂ ਕਰੋ। ਬੇਰਾਂ ਦੀ ਗੁਣਵੱਤਾ ਸੁਧਾਰਨ ਲਈ ਪੋਟਾਸ਼ੀਅਮ ਨਾਈਟਰੇਟ (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਨਵੰਬਰ ਵਿੱਚ ਕੀਤਾ ਜਾ ਸਕਦਾ ਹੈ। ਬੇਰਾਂ ਦੇ ਪੱਤਿਆਂ ਉੱਤੇ ਕਾਲੇ ਨਿਸ਼ਾਨ ਹੋਣ ਤਾਂ ਬੇਰਾਂ ਦੇ ਦਰੱਖ਼ਤਾਂ ਤੇ ਬੋਰਡੋ ਮਿਸ਼ਰਣ ਦੇ ਘੋਲ (2:2: 250) ਦਾ ਛਿੜਕਾਅ ਕਰੋ। ਬੇਰਾਂ ਦੇ ਫਲਾਂ ਦਾ ਕੇਰਾ ਰੋਕਣ ਲਈ ਨੈਫਥਲੀਨ ਐਸਟਿਕ ਐਸਿਡ (ਐਨ.ਏ.ਏ) ਨੂੰ 15 ਗ੍ਰਾਮ ਪ੍ਰਤੀ 500 ਲਿਟਰ ਦੇ ਹਿਸਾਬ ਨਾਲ ਪ੍ਰਤੀ ਏਕੜ ਰਕਬੇ ਤੇ ਛਿੜਕੋ।ਨੈਫਥਲੀਨ ਐਸਟਿਕ ਐਸਿਡ ਨੂੰ ਪਹਿਲਾਂ ਥੋੜੀ ਜਿਹੀ ਅਲਕੋਹਲ ਵਿਚ ਘੋਲ ਲਵੋ ਅਤੇ ਫ਼ਿਰ ਪਾਣੀ ਵਿੱਚ ਮਿਲਾਉ। ਉਨ੍ਹਾਂ ਕਿਹਾ ਕਿ ਉਪਰੋਕਤ ਹਦਾਇਤਾਂ ਦੀ ਪਾਲਣਾ ਕਰਕੇ ਫ਼ਲਦਾਰ ਬੂਟਿਆਂ ਦੀ ਸੰਭਾਲ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *