Raavi news # ਲੋੜ ਪੈਣ ਤੇ ਹੋਰ ਵੀ ਕਰਵਾਏ ਜਾਣਗੇ ਵਿਕਾਸ ਕਾਰਜ ਫੰਡਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਮੀ : ਬਲਬੀਰ ਸਿੰਘ ਸਿੱਧੂ

एस.ए.एस नगर

ਰਾਵੀ ਨਿਊਜ ਮੋਹਾਲੀ

ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਦੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਸਨਅਤੀ ਖੇਤਰ ਨੂੰ ਵੱਡੀ ਰਾਹਤ ਦਿੰਦਿਆਂ ਅੱਜ ਦੀਵਾਲੀ ਦੇ ਤੋਹਫ਼ੇ ਵਜੋਂ ਕਰੋੜਾਂ ਰੁਪਏ ਦੀ ਸੌਗਾਤ ਦਿੱਤੀ ਹੈ। ਇਸ ਦੇ ਤਹਿਤ ਵਿਧਾਇਕ ਸਿੱਧੂ ਨੇ ਅੱਜ 13 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਵਿਖੇ ਰੱਖੇ। ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਹਲਕਾ ਵਿਧਾਇਕ ਕੁਲਬੀਰ ਸਿੰਘ ਸਿੱਧੂ ਨੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਵੀ ਦਿੱਤੀ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਨਅਤੀ ਖੇਤਰ ਹਮੇਸ਼ਾਂ ਤੋਂ ਹੀ ਅਣਗੌਲਿਆ ਰਿਹਾ ਹੈ  ਅਤੇ ਖ਼ਾਸ ਤੌਰ ਤੇ ਫੇਜ਼ 8ਬੀ ਤੇ ਸੈਕਟਰ 74 ਦਾ ਖੇਤਰ ਨਗਰ ਨਿਗਮ ਦੇ ਅਧੀਨ ਨਾ ਹੋਣ ਕਾਰਨ ਜਿਸ  ਸਬੰਧਤ ਮਹਿਕਮੇ ਦੇ ਅਧੀਨ ਇਹ ਖੇਤਰ ਆਉਂਦਾ ਸੀ ਉਸ ਨੇ ਇੱਥੇ ਵਿਕਾਸ ਕਾਰਜ ਨਹੀਂ ਕਰਵਾਏ ਜਿਸ ਨਾਲ ਇਹ ਇਲਾਕਾ ਵਿਕਾਸ ਪੱਖੋਂ ਪਛੜਿਆ ਹੀ ਰਿਹਾ।
ਉਨ੍ਹਾਂ ਕਿਹਾ ਕਿ ਮੁਹਾਲੀ ਦਾ ਸਨਅਤੀ ਖੇਤਰ ਅਤੇ ਇੱਥੋਂ ਦੇ ਸਨਅਤਕਾਰ ਤੇ ਕੰਮ ਕਰਨ ਵਾਲੇ ਉਨ੍ਹਾਂ ਦੇ ਪਰਿਵਾਰ ਵਾਂਗ ਹਨ ਅਤੇ ਹਮੇਸ਼ਾਂ ਹੀ ਇਸ  ਖੇਤਰ ਦੇ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਸਹਿਯੋਗ ਦਿੱਤਾ ਹੈ ਅਤੇ ਸਰਕਾਰ ਅਤੇ ਖਾਸ ਤੌਰ ਤੇ ਨਗਰ ਨਿਗਮ ਮੁਹਾਲੀ ਨੂੰ ਸਭ ਤੋਂ ਵੱਧ ਮਾਲੀਆ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੋਹਾਲੀ ਵਿਚ ਕਾਂਗਰਸ ਪਾਰਟੀ ਦੀ ਨਗਰ ਨਿਗਮ ਬਣਨ ਉਪਰੰਤ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਇਲਾਕੇ ਨੂੰ ਆਪਣੇ ਅਧੀਨ ਲੈਣ ਵਾਸਤੇ ਨਗਰ ਨਿਗਮ ਦੇ ਮੇਅਰ  ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਕਹਿ ਕੇ ਮਤਾ ਪਾਸ ਕਰਵਾਇਆ ਅਤੇ ਲਗਪਗ ਢਾਈ ਕਰੋੜ ਰੁਪਏ ਦੇ ਵਿਕਾਸ ਕਾਰਜ ਇੱਥੇ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਇੱਥੇ ਤੇਰਾਂ ਕਰੋੜ ਰੁਪਏ ਦੀ ਲਾਗਤ ਨਾਲ ਵੱਖ ਵੱਖ ਤਰ੍ਹਾਂ ਦੇ ਵਿਕਾਸ ਕਾਰਜ ਕਰਵਾ ਕੇ ਇਸ ਪੂਰੇ ਸਨਅਤੀ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਇਆ ਜਾਵੇਗਾ ਅਤੇ  ਸਨਅਤਾਂ ਦੇ ਪੱਧਰ ਦਾ ਬਣਾਇਆ ਜਾਵੇਗਾ ਤਾਂ ਜੋ ਇਸ ਦਾ ਪੂਰਾ ਲਾਭ ਸਨਅਤੀ ਖੇਤਰ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੀ ਐਸ ਆਈ ਈ ਸੀ ਤੋਂ ਵੀ ਢਾਈ ਕਰੋੜ ਰੁਪਏ ਦੀ ਰਕਮ ਨਗਰ ਨਿਗਮ ਦਿਵਾਈ ਗਈ ਹੈ  ਤੇ ਹੋਰ ਵੀ ਰਕਮ ਇਸ ਵਿਭਾਗ ਤੋਂ ਨਗਰ ਨਿਗਮ ਦਿਵਾਈ ਜਾਵੇਗੀ।
ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਹੋਣ ਵਾਲੇ ਕੰਮਾਂ ਵਿੱਚ ਸਨਅਤੀ ਖੇਤਰ ਫੇਜ਼ 9, ਫੇਜ਼ 7, ਫੇਜ਼ 1 ਤੋਂ  ਫੇਜ਼ 8, ਫੇਜ਼ 8 ਏ, ਫੇਜ਼ 8 ਬੀ ਵਿੱਚ ਮੁੱਖ ਤੌਰ ਤੇ ਪਾਰਕਾਂ ਦੇ ਕੰਮ, ਬੱਚਿਆਂ ਨਾਲ ਸੰਬੰਧਤ ਵਿਸ਼ੇਸ਼ ਪਾਰਕ ਦੇ ਕੰਮ, ਕਰਵ ਚੈਨਲ, ਰੋਡ ਗਲੀਆਂ, ਫੁੱਟਪਾਥ, ਪੇਵਰ ਬਲਾਕ, ਸੜਕਾਂ ਉੱਤੇ ਬੀਸੀ, ਪ੍ਰੀਮਿਕਸ ਪਾਉਣ ਦੇ ਕੰਮ, ਫੇਜ਼ 7 ਸਨਅਤੀ ਖੇਤਰ  ਵਿਖੇ ਕਾਰਪੋਰੇਸ਼ਨ ਵੱਲੋਂ ਬਣਾਏ ਗਏ ਸਟਾਫ  ਦੇ ਘਰਾਂ ਇਸ ਦੀ ਰੈਨੋਵੇਸ਼ਨ ਤੇ ਰਿਪੇਅਰ,  ਬਾਵਾ ਵਾਈਟ ਹਾਊਸ ਤੋਂ ਰੇਲਵੇ ਲਾਈਨ ਤੱਕ ਸਰਵਿਸ ਰੋਡ,  ਵੱਖ ਵੱਖ ਖੇਤਰਾਂ ਵਿੱਚ ਟਿਊਬਵੈੱਲ ਲਗਾਉਣ ਤੇ ਰੱਖ ਰਖਾਓ ਦੇ ਕੰਮ, ਸਨਅਤੀ ਖੇਤਰ ਵਿਚ ਸਥਿਤ ਡੰਪਿੰਗ ਗਰਾਊਂਡ ਦੇ ਰੱਖ ਰਖਾਓ ਦਾ ਕੰਮ,  ਸੀਵਰੇਜ ਲਾਈਨ ਨੂੰ ਦਰੁਸਤ ਕਰਨ ਦੇ ਕੰਮ, ਸਟਰੀਟ ਲਾਈਟਾਂ ਦੇ ਕੰਮ,  ਪੀਣ ਵਾਲੇ  ਪਾਣੀ ਦੀ ਸੁਚਾਰੂ ਸਪਲਾਈ ਵਾਸਤੇ ਹੋਣ ਵਾਲੇ ਕੰਮ  ਸ਼ਾਮਿਲ ਹਨ।


ਇਸ ਮੌਕੇ ਮੁਹਾਲੀ ਨਗਰ ਨਿਗਮ ਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਹਲਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਇਸ ਸਾਬਕਾ ਸਿਹਤ ਮੰਤਰੀ ਨੇ ਮੁਹਾਲੀ ਨਗਰ ਨਿਗਮ ਨੂੰ ਕਰੋੜਾਂ ਰੁਪਏ ਵੱਖ ਵੱਖ ਵਿਭਾਗਾਂ ਤੋਂ ਦਿਵਾਏ ਹਨ  ਅਤੇ ਵਿਕਾਸ ਕਾਰਜਾਂ ਵਾਸਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਕਾਸ ਪੱਖੋਂ ਪੱਛੜੇ ਸਨਅਤੀ ਖੇਤਰ ਨੂੰ ਮੁਹਾਲੀ ਨਗਰ ਨਿਗਮ ਵੱਲੋਂ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇੱਥੇ ਲੋੜ ਪੈਣ ਤੇ ਹੋਰ ਵੀ ਵਿਕਾਸ ਕਾਰਜ ਕਰਵਾਏ ਜਾਣਗੇ ਜਿਨ੍ਹਾਂ ਵਾਸਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਅਗਰਵਾਲ ਨੇ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਆਉਣ ਤੇ ਸਵਾਗਤ ਕੀਤਾ  ਅਤੇ ਵਿਸ਼ੇਸ਼ ਤੌਰ ਤੇ ਸਨਅਤੀ ਖੇਤਰ ਵਿੱਚ ਇੰਨੇ ਵੱਡੇ ਪੱਧਰ ਤੇ ਵਿਕਾਸ ਕਾਰਜ ਆਰੰਭ ਕਰਵਾਉਣ ਲਈ ਰੱਖੇ ਨੀਂਹ ਪੱਥਰ ਦੇ ਨਾਲ ਨਾਲ ਸੰਸਥਾ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਸਬੰਧੀ  ਵਿਧਾਇਕ ਬਲਬੀਰ ਸਿੰਘ ਸਿੱਧੂ  ਦਾ ਸਮੁੱਚੇ ਸਨਅਤਕਾਰਾਂ ਵੱਲੋਂ ਧੰਨਵਾਦ ਵੀ ਕੀਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ  ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਜਾਇੰਟ ਕਮਿਸ਼ਨਰ ਹਰਜੀਤ ਸਿੰਘ ਢਿੱਲੋਂ, ਐਸਈ ਸੰਜੇ ਕੰਵਰ,  ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਗਦੀਪ ਸਿੰਘ, ਜਨਰਲ ਸਕੱਤਰ ਰਾਜੀਵ ਗੁਪਤਾ, ਵਿੱਤ ਸਕੱਤਰ ਆਈਏਐਸ ਛਾਬੜਾ, ਜੁਆਇੰਟ ਵਿੱਤ ਸਕੱਤਰ  ਕੇਵਲ ਸਿੰਘ ਸੰਧੂ  ਅਤੇ ਦਿਲਪ੍ਰੀਤ ਸਿੰਘ ਬੋਪਾਰਾਏ, ਜੁਆਇੰਟ ਸੈਕਟਰੀ ਇਕਬਾਲ ਸਿੰਘ ਅਤੇ ਕਮਲ ਕੁਮਾਰ ਧੂਪਰ ਸਮੇਤ ਵੱਡੀ ਗਿਣਤੀ ਵਿਚ ਸਨਅਤਕਾਰ ਅਤੇ ਮੋਹਾਲੀ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *