Raavi News # ਮੋਦੀ ਸਰਕਾਰ ਪਾਰਲੀਮੈਂਟ ਦੀ ਮਰਿਯਾਦਾ ਭੰਗ ਕਰ ਰਹੀ:ਕਾਮਰੇਡ ਸੇਖੋਂ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਸੀਪੀਆਈ(ਐਮ) ਜ਼ਿਲ੍ਹਾ ਕਮੇਟੀ ਗੁਰਦਾਸਪੁਰ ਦੀ ਮੀਟਿੰਗ ਕਾਮਰੇਡ ਮਾਇਆਧਾਰੀ ਦੀ ਧ੍ਰਧਾਨਗੀ ਹੇਠ ਹੋਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਇਸ ਦੌਰਾਨ ਕਾਮਰੇਡ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਪਾਰਲੀਮੈਂਟ ਵਿੱਚ ਬਿਨਾਂ ਬਹਿਸ ਤੋਂ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ, ਉਸੇ ਤਰ੍ਹਾਂ ਦੋਵੇਂ ਸਦਨਾ ਵਿੱਚ ਬਿਨਾਂ ਬਹਿਸ ਤੋਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਤਰ੍ਹਾਂ ਦੋਵੇਂ ਸਦਨਾਂ ਵਿੱਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪਿੱਛਲੇ ਸੱਤ ਸਾਲ ਤੋਂ ਦੇਸ਼ ਦੀ ਪਾਰਲੀਮੈਂਟ ਦੀ ਮਰਿਯਾਦਾ ਨੂੰ ਭੰਗ ਕਰਦੀ ਆ ਰਹੀ ਹੈ । ਇਸ ਵੱਲੋਂ ਇਕਤਰਫ਼ਾ ਤਾਨਾਸ਼ਾਹੀ ਫੈਸਲੇ ਲਏ ਜਾ ਰਹੇ ਹਨ ।ਕਾਮਰੇਡ ਸੇਖੋਂ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੇ ਏਕ ਤੇ ਦ੍ਰਿੜ ਇਰਾਦੇ ਨਾਲ ਲੜੇ ਸੰਘਰਸ਼ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ । ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਦੇ ਯਤਨ ਕੀਤੇ ਗਏ । ਉਨ੍ਹਾਂ ਕਿਹਾ ਕਿ ਸਰਕਾਰ ਦੀਆ ਸਾਜ਼ਿਸ਼ਾਂ ਅਸਫਲ ਹੋਣ ਦੇ ਨਾਲ ਸਾਡੇ ਇਸ ਵਿਚਾਰ ਦੀ ਪੁਸ਼ਟੀ ਹੋਈ ਕਿ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਕਾਰਨ ਸਾਰਾ ਕਿਸਾਨ ਵਰਗ ਪ੍ਰਭਾਵਿਤ ਹੋ ਰਿਹਾ ਸੀ । ਉਨ੍ਹਾਂ ਕਿਹਾ ਕਿ  ਸਰਕਾਰ ਵੱਲੋਂ ਕਾਨੂੰਨ ਵਾਪਸ ਲੈਣ ਦੇ ਐਲਾਨ ਸਮੇਂ ਇਹ ਕਹਿਣਾ ਕਿ ਸਰਕਾਰ ਕਿਸਾਨਾਂ ਦੇ ਫਾਇਦੇ ਲਈ ਕਾਨੂੰਨ ਲੈ ਕੇ ਆਈ ਸੀ ਤੇ ਸਰਕਾਰ ਕਿਸਾਨਾਂ ਨੂੰ ਇਨ੍ਹਾਂ ਦੇ ਲਾਭ ਸਮਝਾ ਨਹੀਂ ਸਕੀ ਤੇ ਅੱਗੇ ਵੀ ਕਿਸਾਨਾਂ ਦੀ ਭਲਾਈ ਦੇ ਕੰਮ ਕਰਦੀ ਰਹੇਗੀ ਇਹ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਦੁਬਾਰਾ ਲਿਆ ਸਕਦੀ ਹੈ, ਇਸ ਲਈ ਇਸ ਜਿੱਤ ਦੇ ਨਾਲ ਕਿਸਾਨਾਂ ਦੀ ਲੜਾਈ ਖ਼ਤਮ ਨਹੀਂ ਹੋਈ ਹਰ ਸਮੇਂ ਚੌਕਸ ਰਹਿਣ ਦੀ ਲੋੜ ਹੈ । ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੂਜੀਆਂ ਰਾਜਸੀ ਪਾਰਟੀਆਂ ਵਿੱਚ ਸੇਂਧ ਲਾ ਕੇ ਉਨ੍ਹਾਂ ਦੇ ਆਗੂ ਭਾਜਪਾ ਵਿੱਚ ਸ਼ਾਮਲ ਕਰ  ਰਹੀ ਹੈ ਇਸ ਦੀ ਮਿਸਾਲ ਸਿਰਸਾ ਤੇ ਮੱਕੜ ਤੋਂ ਮਿਲ ਜਾਂਦੀ ਹੈ ।ਕੈਪਟਨ ਤੇ ਢੀਂਡਸਾ  ਨਾਲ ਗੱਠਜੋੜ ਕਰ ਕੇ ਭਾਜਪਾ ਇਹ ਖ਼ਤਰਨਾਕ ਸੁਨੇਹਾ ਦੇ ਰਹੀ ਹੈ ਕਿ ਉਹ ਹਰ ਹੀਲੇ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕਰਨ ਦੇ ਯਤਨ ਵਿੱਚ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਭਾਜਪਾ ਵੱਡੇ ਪੱਧਰ ‘ਤੇ ਖਰੀਦੋ ਫ਼ਰੋਖ਼ਤ ਦਾ ਯਤਨ ਕਰਨ ਦੀ ਪਲਾਨਿੰਗ ਕਰ ਰਹੀ ਹੈ ।ਪਹਿਲਾਂ ਵੀ ਭਾਜਪਾ ਨੇ ਖਰੀਦੋ ਫ਼ਰੋਖ਼ਤ ਕਰਕੇ ਕਈ ਰਾਜਾ ਵਿੱਚ ਸਰਕਾਰਾਂ ਬਨਾਈਆ ਹਨ । ਅੱਜ ਵੀ ਭਾਜਪਾ 40 ਤੋਂ 45 ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਖਰੀਦੋ ਫ਼ਰੋਖ਼ਤ ਲਈ ਸੰਪਰਕ ਵਿੱਚ ਹੈ । ਜਿਸ ਦਿਨ ਚੋਣਾਂ ਦਾ ਐਲਾਨ ਹੋ ਗਿਆ ਉਸੇ ਦਿਨ ਤੋਂ ਖਰੀਦੋ ਫਰੋਖਤ ਵੱਡੇ ਪੱਧਰ ‘ਤੇ ਹੋਵੇਗੀ, ਚੋਣਾਂ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ।

ਕਾਮਰੇਡ ਸੇਖੋਂ ਨੇ ਕਿਹਾ ਕਿ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਹਰਾਉਣਾ ਸਾਡਾ ਮੁੱਖ ਨਿਸ਼ਾਨਾ ਹੋਵੇਗਾ ਤੇ  ਪਾਰਟੀ ਫਿਰਕੂ ਤੇ ਵੱਖਵਾਦੀ ਪਾਰਟੀਆਂ ਦੇ ਨਾਲ ਕਿਸੇ ਤਰ੍ਹਾਂ ਗੱਠਜੋੜ ਨਹੀਂ ਕਰੇਗੀ । ਉਨ੍ਹਾਂ ਕਿਹਾ ਕਿ ਜਮਹੂਰੀ ਤੇ ਧਰਮ ਨਿਰਪੱਖ ਵੋਟਾਂ ਦੀ ਵੰਡ ਨੂੰ ਰੋਕਣ ਦਾ ਯਤਨ ਕੀਤਾ ਜਾਵੇਗਾ। ਇਸ ਲਈ ਸੀਪੀਆਈ ਅਤੇ ਹੋਰ ਜਮਹੂਰੀ ਤੇ ਧਰਮ-ਨਿਰਪੱਖ ਪਾਰਟੀਆਂ ਨਾਲ ਗੱਲਬਾਤ ਜਾਰੀ ਹੈ । ਕਾਮਰੇਡ ਸੇਖੋਂ ਨੇ ਕਿਹਾ ਕਿ ਨਵੇਂ ਹਾਲਾਤ ਅਨੁਸਾਰ ਇਸ ਵਾਰ ਚੋਣਾਂ ਵਿੱਚ ਜਿੱਤ ਹਾਸਲ ਕਰਨਾ ਕਿਸੇ ਵੀ ਪਾਰਟੀ ਦੇ ਲਈ ਅਸਾਨ ਕੰਮ ਨਹੀਂ ਹੋਵੇਗਾ । ਧਰਮ ਨਿਰਪੱਖ ਪਾਰਟੀਆਂ ਨੂੰ ਇਕੱਠੇ ਕਰਨ ਲਈ ਸਾਡੀ ਪਾਰਟੀ ਆਪਣਾ ਬਣਦਾ ਯੋਗਦਾਨ ਪਾਵੇਗੀ ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨਾਂ ਬਾਰੇ ਕਾਮਰੇਡ ਸੇਖੋਂ ਨੇ ਕਿਹਾ ਕਿ ਇਨ੍ਹਾਂ ਐਲਾਨਾਂ ਦੇ ਨਾਲ ਹੁਣ ਕਿਸੇ ਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ  2017 ਵਿੱਚ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਪਰ ਇਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੁਰੇ ਨਹੀਂ ਕੀਤੇ। ਸਰਕਾਰ ਰੇਤ , ਟਰਾਂਸਪੋਰਟ , ਕੇਬਲ , ਸ਼ਰਾਬ ਮਾਫੀਅਾ ਖ਼ਤਮ ਨਹੀਂ ਕਰ ਸਕੀ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਕੋਈ ਠੱਲ੍ਹ ਨਹੀਂ ਪਈ । ਉਨ੍ਹਾਂ ਕਿਹਾ ਕਿ ਕੈਪਟਨ ਦੀ ਵਜ਼ਾਰਤ ਵਿੱਚ ਚੰਨੀ ਵੀ ਮੰਤਰੀ ਸਨ। ਪੰਜਾਬ ਵਿੱਚ ਅਮਨ- ਕਾਨੂੰਨ ਦੀ ਹਾਲਤ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ , ਗੈਂਗਵਾਰ ਜਾਰੀ ਹੈ ਤੇ ਨਸ਼ੇ ਦਾ ਕਾਰੋਬਾਰ ਬੇਰੋਕ ਚੱਲ ਰਿਹਾ ਹੈ ।ਕਾਮਰੇਡ ਸੇਖੋਂ ਨੇ ਕਿਹਾ ਕਿ ਸੇਵਾ ਦੇਣ ਦੇ ਨਾਂ ‘ਤੇ ਖੋਲ੍ਹੇ ਸੁਵਿਧਾ ਕੇਂਦਰਾਂ ‘ਤੇ ਲੋਕਾਂ ਨੂੰ ਸੇਵਾਵਾਂ ਦੇਣ ਦੀ  ਥਾਂ ਲੁੱਟਿਅਾ ਜਾ ਰਿਹਾ ਹੈ । ਬੇਰੁਜ਼ਗਾਰਾਂ ਦੀ ਗਿਣਤੀ ਵੱਧ ਰਹੀ ਹੈ। ਹੁਣ ਸਮਾ ਘੱਟ ਰਹਿ ਗਿਆ ਹੈ ਇਸ ਲਈ ਐਲਾਨ ਸਿਰਫ ਐਲਾਨ ਹੀ ਰਹਿ ਜਾਣੇ ਹਨ । ਇਹ ਐਲਾਨ ਚੋਣਾਂ ਨੂੰ ਧਿਆਣ ਵਿੱਚ ਰੱਖ ਕੇ ਕੀਤੇ ਜਾ ਰਹੇ ਹਨ ।

ਕੇਜਰੀਵਾਲ ਬਾਰੇ ਪੁੱਛੇ ਸੁਆਲ ਦਾ ਜੁਆਬ ਦਿੰਦੇ ਹੋਏ ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਦਾ ਪੰਜਾਬ ਵਿੱਚੋਂ ਸਫਾਇਆ ਹੋ ਜਾਵੇਗਾ। 2017 ਵਿੱਚ ਇਸ ਦੀ ਜਿੰਨੀ ਹਵਾ ਸੀ, ਉਹ ਹੁਣ ਦਿਖਾਈ ਨਹੀਂ ਦਿੰਦੀ । ਇਸ ਵਾਰ ਆਮ ਆਦਮੀ ਦੀ ਸਹਾਇਤਾ ਲਈ ਵਿਦੇਸ਼ਾਂ ਤੋਂ ਪੈਸ਼ਾ ਤੇ ਲੋਕ ਨਹੀਂ ਆਉਣਗੇ । ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਹੈ। ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਵਾਇਆ ਗਿਆ । ਧਾਰਾ 370 ਤੇ 35- ਏ ਦੇ ਮੁੱਦੇ ‘ਤੇ ਕੇਜਰੀਵਾਲ ਦੀ ਪਾਰਟੀ ਨੇ ਭਾਜਪਾ ਦਾ ਸਾਥ ਦਿੱਤਾ । ਉਨ੍ਹਾਂ ਕਿ ਪੰਜਾਬ ਵਿੱਚ ਇਹ ਪਾਰਟੀ  20 ਵਿਧਾਇਕ ਨਾਲ ਨਹੀਂ ਰੱਖ ਸਕੀ, 10 ਦੂਜੀਆਂ ਪਾਰਟੀਆਂ ਵਿੱਚ ਚੱਲੇ ਗਏ ਹਨ ਤੇ ਰਹਿ ਗਏ 10 ਵਿੱਚੋਂ ਪੰਜ ਜਾਣ ਨੂੰ ਤਿਆਰ ਹਨ । ਹਰ ਤੀਜੇ ਦਿਨ ਕੇਜਰੀਵਾਲ ਦੇ ਪੰਜਾਬ ਆਉਣ ‘ਤੇ ਉਨ੍ਹਾਂ ਕਿਹਾ ਕੇਜਰੀਵਾਲ ਦੇ ਪੈਂਰ ਨਹੀਂ ਲੱਗ ਰਹੇ। ਅਕਾਲੀ ਬਹੁਜਨ ਸਮਾਜ ਪਾਰਟੀ ਗੱਠਜੋੜ ਬਾਰੇ ਕਾਮਰੇਡ ਸੇਖੋਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਸੀਟਾਂ ਛੱਡੀਆਂ ਗਈਆਂ ਹਨ ਉਹ ਬਸਪਾ ਦੀ ਬਜਾਏ ਅਕਾਲੀ ਦਲ ਨੇ ਆਪਣੀ ਮਰਜ਼ੀ ਦੇ ਨਾਲ ਛੱਡੀਆਂ ਹਨ । ਅਕਾਲੀ ਦਲ ਨੇ ਸਿਰਫ ਬਸਪਾ ਦਾ ਬੋਰਡ ਹੀ ਲਾਇਆ ਹੈ । ਬਸਪਾ ਸੁਪਰੀਮੋ ਤਾਂ ਆਪਣੇ ਤੇ ਆਪਣੇ ਭਤੀਜੇ ਦੇ ਕੇਸਾਂ ਤੋਂ ਛੁਟਕਾਰਾ ਪਾਉਣ ਲਈ ਭਾਜਪਾ ਤੋਂ ਡਰ ਰਹੀ ਹੈ। ਕਈ ਰਾਜਾ ਇਹ ਮੋਦੀ ਤੋਂ ਡਰਦੇ ਹੋਏ ਬਿਆਨ ਤੱਕ ਨਹੀਂ ਦਿੰਦੇ ਹਨ । ਕੈਪਟਨ , ਭਾਜਪਾ ਤੇ ਢੀਂਡਸਾ ਦੇ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਇਸ ਰਾਹੀਂ ਫਿਰਕੂ ਸਫਬੰਦੀ ਕਰ ਰਹੀ ਹੈ । ਇਸ ਤਰਾ ਭਾਜਪਾ ਧਰੁਵੀਕਰਨ ਕਰਕੇ ਪੰਜਾਬ ਵਿੱਚ ਸੱਤਾ ਹਥਿਆਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ । ਭਾਜਪਾ ਨੂੰ ਭਾਵੇਂ ਕੰਮ ਨਾ ਕਰਨ ਦਿੱਤਾ ਗਿਆ ਹੋਵੇ ਪਰ ਸੰਘ  ਆਪਣਾ ਕੰਮ ਕਰਦਾ ਰਿਹਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਕਟੱੜਪੰਥੀ ਤਾਕਤਾਂ ਨੂੰ ਭਾਂਜ ਦੇਣ ਲਈ  ਜਮਹੂਰੀਅਤ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਪਾਰਟੀਆਂ ਦੇ ਝੰਡੇ ਹੇਠ ਇਕੱਠੇ ਹੋਣ ।

             ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਲਖਵਿੰਦਰ ਸਿੰਘ ਮਰੜ, ਰਣਬੀਰ ਸਿੰਘ ਵਿਰਕ,  ਅਮਰਜੀਤ ਸਿੰਘ ਸੈਣੀ, ਕਾਮਰੇਡ ਰੂਪ ਸਿੰਘ ਪੱਡਾ ,  ਫ਼ਤਿਹ ਚੰਦ , ਮੁਰਾਰੀ ਲਾਲ ਸ਼ਰਮਾ , ਭਜਨ ਸਿੰਘ , ਧੀਰ ਸਿੰਘ , ਰਾਜ ਕੁਮਾਰੀ ,  ਕਸ਼ਮੀਰ ਸਿੰਘ , ਅਮਰਜੀਤ ਸਿੰਘ ਰੀਖੀਆ , ਯੋਗੇਸ਼ ਅਤੇ ਬੇਅੰਤ ਸਿੰਘ ਆਦਿ ਹਾਜ਼ਰ ਸਨ ।

             ਮੀਟਿੰਗ ਦੇ ਅਖੀਰ ਕਾਮਰੇਡ ਅਮਰਜੀਤ ਸਿੰਘ ਸੈਣੀ ਦੇ ਵੱਡੇ ਸਾਲੇ ਸੁਰਜੀਤ ਸਿੰਘ ਸੇਵਾ-ਮੁਕਤ ਐਸਡੀਓ ਬਿਜਲੀ ਬੋਰਡ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਉਹ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 19 ਦਸੰਬਰ ਨੂੰ 12 ਤੋਂ 1 ਵਜੇ ਦਰਮਿਆਨ ਹੋਵੇਗੀ ।

Share and Enjoy !

Shares

Leave a Reply

Your email address will not be published.