Raavi News # ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ “ਨਰਿੰਦਰ ਸਿੰਘ ਸ਼ੇਰਗਿਲ” ਆਨੰਦਪੁਰ ਸਾਹਿਬ ਲੋਕਸਭਾ ਅਤੇ ਮੋਹਾਲੀ ਵਿਧਾਨਸਭਾ ਹਲਕੇ ਤੋਂ ਰਹਿ ਚੁੱਕੇ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ

चुनाव अखाड़ा 2022

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿਲ ਆਉਣ ਵਾਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਸਕਦੇ ਹਨ। ਪਿਛਲੀ ਵਾਰ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਣ ਵਾਲੇ ਨਰਿੰਦਰ ਸਿੰਘ ਸ਼ੇਰਗਿਲ ਦੀ ਗਿਣਤੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਨਜਦੀਕੀ ਸਾਥੀਆਂ ਵਿੱਚ ਹੁੰਦੀ ਹੈ ਅਤੇ ਇਸ ਵਾਰ ਉਹ ਖਰੜ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਸਨ ਅਤੇ ਖਰੜ ਦੇ ਹਲਕਾ ਇੰਚਾਰਜ ਦੀ ਜਿੰਮੇਵਾਰੀ ਵੀ ਨਿਭਾ ਰਹੇ ਸਨ ਪਰੰਤੂ ਕੁੱਝ ਸਮਾਂ ਪਹਿਲਾਂ ਪਾਰਟੀ ਵਲੋਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਖਰੜ ਹਲਕੇ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਤੋਂ ਉਹ ਥੋੜ੍ਹੇ ਨਾਰਾਜ ਚਲ ਰਹੇ ਸਨ।

ਪ੍ਰਾਪਤ ਜਾਣਕਰੀ ਅਨੁਸਾਰ ਸ਼ੇਰਗਿਲ ਵਲੋਂ ਪਿਛਲੀ ਵਾਰ ਵੀ ਖਰੜ ਹਲਕੇ ਤੋਂ ਚੋਣ ਲੜਣ ਦੀ ਤਿਆਰੀ ਕੀਤੀ ਗਈ ਸੀ ਪਰੰਤੂ ਐਨ ਮੌਕੇ ਤੇ ਆਮ ਆਦਮੀ ਪਾਰਟੀ ਵਲੋਂ ਕੰਵਰ ਸੰਧੂ ਨੂੰ ਟਿਕਟ ਦੇਣ ਦਾ ਫੈਸਲਾ ਕਰ ਲਿਆ ਗਿਆ ਸੀ। ਇਸ ਦੌਰਾਨ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿਲ ਨੂੰ ਪਾਰਟੀ ਵਲੋਂ ਮਜੀਠਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਗਿਆ ਸੀ ਅਤੇ ਮੁਹਾਲੀ ਹਲਕੇ ਦੀ ਟਿਕਟ ਨਰਿੰਦਰ ਸਿੰਘ ਸ਼ੇਰਗਿਲ ਨੂੰ ਦੇ ਦਿਤੀ ਗਈ ਸੀ। ਸ਼ੇਰਗਿਲ 2019 ਵਿੱਚ ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਤੋਂ ਵੀ ਚੋਣ ਲੜ ਚੁੱਕੇ ਹਨ। ਨਰਿੰਦਰ ਸਿੰਘ ਸ਼ੇਰਗਿਲ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਉਸ ਨਾਲ ਜੁੜੇ ਰਹੇ ਹਨ ਅਤੇ ਉਹਨਾਂ ਵਲੋਂ ਪਾਰਟੀ ਦੀ ਮਜਬੂਤੀ ਲਈ ਕਾਫੀ ਕੰਮ ਕੀਤਾ ਗਿਆ ਸੀ ਅਤੇ ਸਿਰਫ ਖਰੜ ਹੀ ਨਹੀਂ ਬਲਕਿ ਮੁਹਾਲੀ ਅਤੇ ਰੋਪੜ ਜਿਲ੍ਹੇ ਵਿੱਚ ਪਾਰਟੀ ਕਾਡਰ ਤਿਆਰ ਕਰਨ ਵਿੱਚ ਉਹਨਾਂ ਵਲੋਂ ਕਾਫੀ ਮਿਹਨਤ ਕੀਤੀ ਗਈ ਸੀ। ਇੰਨੇ ਪੁਰਾਣੇ ਆਗੂ ਦੇ ਇਸ ਤਰੀਕੇ ਨਾਲ ਪਾਰਟੀ ਛੱਡ ਕੇ ਭਾਜਪਾ ਜਾਣ ਦਾ ਆਮ ਆਦਮੀ ਪਾਰਟੀ ਨੂੰ ਚਾਰ ਪੰਜ ਹਲਕਿਆਂ (ਖਰੜ, ਚਮਕੌਰ ਸਾਹਿਬ, ਮੁਹਾਲੀ, ਰੋਪੜ) ਵਿੱਚ ਕੁੱਝ ਨਾ ਕੁੱਝ ਨੁਕਸਾਨ ਜਰੂਰ ਹੋਣਾ ਹੈ।

ਇਸ ਸੰਬੰਧੀ ਸੰਪਰਕ ਕਰਨ ਤੇ ਭਾਵੇਂ ਨਰਿੰਦਰ ਸਿੰਘ ਸ਼ੇਰਗਿਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਹੀ ਹਨ ਪਰੰਤੂ ਉਹਨਾਂ ਵਲੋਂ ਇਸ ਗੱਲ ਤੇ ਨਿਰਾਸ਼ਾ ਜਰੂਰ ਜਾਹਿਰ ਕੀਤੀ ਗਈ ਕਿ ਪਾਰਟੀ ਵਲੋਂ ਪਾਰਟੀ ਨੂੰ ਖੜ੍ਹਾ ਕਰਨ ਲਈ ਮਿਹਨਤ ਕਰਨ ਵਾਲੇ ਆਗੂਆਂ ਨੂੰ ਅਣਗੌਲਿਆ ਕਰਕੇ ਪੈਰਾਸ਼ੂਟ ਰਾਂਹੀ ਆਗੂ ਉਤਾਰੇ ਜਾ ਰਹੇ ਹਨ। ਸੂਤਰਾਂ ਅਨੁਸਾਰ ਸ਼ੇਰਗਿਲ ਵਲੋਂ ਹੁਣ ਆਮ ਆਦਮੀ ਪਾਰਟੀ ਛੱਡਣ ਦਾ ਮਨ ਬਣਾ ਲਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ।

Share and Enjoy !

Shares

Leave a Reply

Your email address will not be published.