ਰਾਵੀ ਨਿਊਜ ਮੋਹਾਲੀ (ਗੁਰਵਿੰਦਰ ਸਿੰਘ ਮੋਹਾਲੀ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪ੍ਰਦੇਸ਼ ਚੋਣ ਕਮੇਟੀ ਦੇ ਚੇਅਰਮੈਨ ਨਵਜੋਤ ਸਿੰਘ ਸਿੱਧੂ ਅੱਜ ਮੁਹਾਲੀ ਵਿਖੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਸਿੱਧੂ ਹਾਜ਼ਰ ਸਨ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਪਹੁੰਚੇ ਜਿੱਥੇ ਪੰਦਰਾਂ ਮਿੰਟ ਤੱਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਲਕਾ ਵਿਧਾਇਕ ਮੋਹਾਲੀ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਇਹ ਮੀਟਿੰਗ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਰਣਨੀਤੀ ਤੈਅ ਕਰਨ ਸਬੰਧੀ ਸੀ। ਚੇਤੇ ਰਹੇ ਕਿ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਚੋਣ ਕਮੇਟੀ ਦੇ ਚੇਅਰਮੈਨ ਹਨ ਤਾਂ ਬਲਬੀਰ ਸਿੰਘ ਸਿੱਧੂ ਇਸ ਕਮੇਟੀ ਦੇ ਮੈਂਬਰ ਹਨ।
ਨਵਜੋਤ ਸਿੱਧੂ ਦੇ ਅੱਜ ਮੁਹਾਲੀ ਵਿਖੇ ਮੌਜੂਦਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੀਟਿੰਗ ਦੇ ਨਾਲ ਇਨ੍ਹਾਂ ਕਿਆਸ ਅਰਾਈਆਂ ਦਾ ਵੀ ਅੰਤ ਹੋ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਬਲਬੀਰ ਸਿੰਘ ਸਿੱਧੂ ਦੇ ਰਿਸ਼ਤਿਆਂ ਵਿੱਚ ਕਕੁੜੱਤਣ ਚੱਲ ਰਹੀ ਸੀ, ਸਗੋਂ ਇਸ ਮਿਲਣੀ ਦੇ ਨਾਲ ਬਲਬੀਰ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਵਿਚ ਸਿਆਸੀ ਕੱਦ ਹੋਰ ਉੱਚਾ ਹੀ ਹੋਇਆ ਹੈ ਅਤੇ ਉਨ੍ਹਾਂ ਦੀ ਸਥਿਤੀ ਵੀ ਮਜ਼ਬੂਤ ਹੋਈ ਹੈ।
