Raavi News # ਪ੍ਰਸਿੱਧ ਸਾਹਿਤਕਾਰ ਪ੍ਰੋ. ਕਿਰਪਾਲ ਸਿੰਘ ਯੋਗੀ ਨਹੀਂ ਰਹੇ, ਸਿਆਸੀ, ਸਾਹਿਤਕ ਤੇ ਸਮਾਜਿਕ ਆਗੂਆਂ ਨੇ ਦਿੱਤੀ ਅੰਤਿਮ ਵਿਦਾਈ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ 

ਪ੍ਰਸਿੱਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਪ੍ਰੋ. ਕਿਰਪਾਲ ਸਿੰਘ ਯੋਗੀ ਅੱਜ ਸ਼ੁੱਕਰਵਾਰ ਤੜਕ ਸਾਰ ਅਕਾਲ ਚਲਾਣਾ ਕਰ ਗਏ। ਉਹ 90 ਸਾਲ ਦੇ ਸਨ ਅਤੇ ਸ਼ੁੱਕਰਵਾਰ ਅੱਧੀ ਰਾਤ 2 ਵਜੇ ਸੰਖੇਪ ਬਿਮਾਰੀ ਪਿੱਛੋਂ ਉਹਨਾਂ ਆਪਣੇ ਗ੍ਰਹਿ ਵਿਖੇ ਪ੍ਰਾਣ ਤਿਆਗ ਦਿੱਤੇ। ਇਹ ਦੁਖਦ ਜ਼ਾਣਕਾਰੀ ਉਹਨਾਂ ਦੇ ਸਪੁੱਤਰ ਸੀਨੀਅਰ ਪੱਤਰਕਾਰ ਕੇ ਪੀ ਸਿੰਘ ਨੇ ਦਿੱਤੀ।

ਜਿਕਰਯੋਗ ਹੈ ਕਿ ਪ੍ਰੋ. ਯੋਗੀ ਦੀ ਪਹਿਚਾਣ ਇਕ ਉੱਚ ਕੋਟੀ ਦੇ ਵਿਦਵਾਨ, ਸਾਹਿਤਕਾਰ, ਸੁਹਿਰਦ, ਮਨੁਖਤਾ ਨੂੰ ਪਿਆਰ ਕਰਨ ਵਾਲੇ ਦਰਵੇਸ਼ ਮਨੁੱਖ ਵਜੋਂ ਪੂਰੇ ਪੰਜਾਬ ਅਤੇ ਸਮੁਚੇ ਪੰਜਾਬੀ ਜਗਤ ਵਿੱਚ ਰਹੀ। ਉਹ ਆਪਣੇ ਜੀਵਨਕਾਲ ਵਿਚ ਅਨੇਕਾਂ ਸਹਿਤਕ ਸੰਸਥਾਵਾਂ ਅਤੇ ਸਰਗਰਮੀਆਂ ਨਾਲ ਜੁੜੇ ਰਹੇ। ਇਸ ਸਮੇਂ ਉਹ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਪ੍ਰਧਾਨ ਸਨ। ਜਮਹੂਰੀ ਅਧਿਕਾਰ ਸਭਾ ਦੇ ਉਹ ਸਾਬਕਾ ਜ਼ਿਲ੍ਹਾ ਪ੍ਰਧਾਨ ਸਨ। ਪ੍ਰੋ. ਯੋਗੀ ਦੇ ਸੈਂਕੜੇ ਵਿਦਿਆਰਥੀ ਅੱਜ ਵੱਖ ਵੱਖ਼ ਖੇਤਰਾਂ ਵਿੱਚ ਨਾਮ ਕਮਾ ਰਹੇ ਹਨ। ਉਹਨਾਂ ਦੇ ਦੇਹਾਂਤ ਉੱਪਰ ਸਾਹਿਤਕ ਹਲਕਿਆਂ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ।ਪ੍ਰੋ.ਯੋਗੀ ਦੀ ਦੇਹ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਸਥਾਨਕ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਕੇ ਪੀ ਸਿੰਘ ਨੇ ਦਿਖਾਈ। ਇਸ ਮੌਕੇ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਸੰਯੋਜਕ ਮੱਖਣ ਕੋਹਾੜ, ਸਕੱਤਰ ਮੰਗਲ ਚੰਚਲ, ਨਾਵਲਕਾਰ ਤਰਸੇਮ ਸਿੰਘ ਭੰਗੂ, ਨਿਰਮਲ ਸਿੰਘ ਨਿੰਮਾ ਲੰਗਾਹ, ਸੁਭਾਸ਼ ਦੀਵਾਨਾ, ਕਾਮਰੇਡ ਮੁਲਖ ਰਾਜ, ਜੇ ਪੀ ਖਰਲਵਾਲਾ, ਜੋਗਿੰਦਰ ਸਿੰਘ ਨੈਨੋਵਾਲੀਆ, ਦਿਲਬਾਗ ਸਿੰਘ ਲਾਲੀ ਚੀਮਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਡਾ. ਜਗਜੀਵਨ ਲਾਲ, ਸਕੱਤਰ ਅਸ਼ਵਨੀ ਕੁਮਾਰ, ਲੇਬਰ ਸੈੱਲ ਕਾਂਗਰਸ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ,ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ, ਅਕਾਲੀ ਆਗੂ ਅਮਰਜੋਤ ਸਿੰਘ ਬੱਬੇਹਾਲੀ, ਡਿਪਲ ਸ਼ਰਮਾ, ਸਿਵਲ ਸਰਜਨ ਡਾ. ਵਿਜੇ ਕੁਮਾਰ, ਵੱਖ ਵੱਖ ਅਖਬਾਰਾਂ ਨਾਲ ਜੁੜੇ ਪੱਤਰਕਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਆਸੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਿਰ ਹੋਏ। ਪ੍ਰੋ. ਕਿਰਪਾਲ ਸਿੰਘ ਯੋਗੀ ਨਮਿਤ ਪਾਠ ਦੇ ਭੋਗ 11 ਜਨਵਰੀ ਨੂੰ ਗੁਰੂਦਵਾਰਾ ਸਿੰਘ ਸਭਾ ਜੇਲ੍ਹ ਰੋਡ ਵਿਖੇ ਪਾਏ ਜਾਣਗੇ।

Share and Enjoy !

Shares

Leave a Reply

Your email address will not be published.