ਰਾਵੀ ਨਿਊਜ ਐਸ.ਏ.ਐਸ. ਨਗਰ (ਗੁਰਵਿੰਦਰ ਸਿੰਘ ਮੋਹਾਲੀ)
1 ਜਨਵਰੀ, 2022 ਤੋਂ ਖਾਣ-ਪੀਣ ਵਾਲੇ ਕਿਸੇ ਵੀ ਪਦਾਰਥ ਦੀ ਵਿਕਰੀ ਕਰਦੇ ਸਮੇਂ ਵਿਕਰੇਤਾ ਵਾਸਤੇ ਬਿੱਲ ਜਾਂ ਕੈਸ਼ ਰਸੀਦ ਉਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਐਸ.ਏ.ਆਈ.) ਦੁਆਰਾ ਜਾਰੀ 14 ਅੰਕਾਂ ਵਾਲਾ ਰਜਿਸਟਰੇਸ਼ਨ ਨੰਬਰ ਲਿਖਣਾ ਲਾਜ਼ਮੀ ਹੋਵੇਗਾ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ (ਡੀ.ਐਚ.ਓ) ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਅਥਾਰਟੀ ਵਲੋਂ ਗਾਹਕਾਂ ਦੀ ਸਹੂਲਤ ਲਈ 1 ਜਨਵਰੀ 2022 ਤੋਂ ਇਹ ਨਿਯਮ ਦੇਸ਼ ਭਰ ਵਿਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਨੰਬਰ ਜ਼ਰੀਏ ਗਾਹਕ ਇਹ ਯਕੀਨੀ ਕਰ ਸਕੇਗਾ ਕਿ ਉਹ ਜਿਸ ਦੁਕਾਨਦਾਰ ਕੋਲੋਂ ਖਾਣ-ਪੀਣ ਦੀ ਕੋਈ ਵਸਤੂ ਖ਼ਰੀਦ ਰਿਹਾ ਹੈ, ਉਸ ਕੋਲ ਰਜਿਸਟਰੇਸ਼ਨ ਨੰਬਰ ਹੈ ਵੀ ਜਾਂ ਨਹੀਂ। ਕਈ ਵਾਰ ਗਾਹਕ ਜਦੋਂ ਕਿਸੇ ਦੁਕਾਨਦਾਰ ਜਾਂ ਖਾਣ-ਪੀਣ ਦੀਆਂ ਵਸਤਾਂ ਦੇ ਕਾਰੋਬਾਰੀ (ਫ਼ੂਡ ਬਿਜ਼ਨਸ ਆਪਰੇਟਰ-ਐਫ਼.ਬੀ.ਓ.) ਵਿਰੁਧ ਸ਼ਿਕਾਇਤ ਕਰਦੇ ਹਨ ਤਾਂ ਦੁਕਾਨਦਾਰ ਦੇ ਅਧੂਰੇ ਪਤੇ ਜਾਂ ਵੇਰਵੇ ਕਾਰਨ ਵਿਭਾਗ ਨੂੰ ਉਸ ਦਾ ਪਤਾ ਲਾਉਣ ਅਤੇ ਪੁੱਛਗਿਛ ਕਰਨ ਵਿਚ ਦਿੱਕਤ ਆਉਂਦੀ ਹੈ ਜਿਸ ਕਾਰਨ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਪਰ ਹੁਣ ਜੇ ਕੋਈ ਗਾਹਕ ਕਿਸੇ ਫ਼ੂਡ ਬਿਜ਼ਨਸ ਆਪਰੇਟਰ ਵਿਰੁਧ ਸ਼ਿਕਾਇਤ ਕਰੇਗਾ ਤਾਂ ਉਹ ਰਜਿਸਟਰੇਸ਼ਨ ਨੰਬਰ ਦਾ ਹਵਾਲਾ ਦੇ ਕੇ ਸ਼ਿਕਾਇਤ ਕਰ ਸਕਦਾ ਹੈ।
ਡਾ. ਸੁਭਾਸ਼ ਨੇ ਦਸਿਆ ਕਿ ਪਹਿਲਾਂ 1 ਅਕਤੂਬਰ 2021 ਤੋਂ ਫ਼ੂਡ ਬਿੱਲਾਂ ’ਤੇ ਲਾਇਸੰਸ/ਰਜਿਸਟਰੇਸ਼ਨ ਨੰਬਰ ਲਿਖਣਾ ਲਾਜ਼ਮੀ ਕੀਤਾ ਗਿਆ ਸੀ ਪਰ ਵੱਖ ਵੱਖ ਇੰਡਸਟਰੀ ਐਸੋਸੀਏਸ਼ਨਾਂ ਦੀ ਮੰਗ ’ਤੇ ਉਨ੍ਹਾਂ ਨੂੰ 4 ਮਹੀਨੇ ਦੀ ਮੋਹਲਤ ਦੇ ਦਿਤੀ ਗਈ ਸੀ ਜਿਸ ਕਾਰਨ ਹੁਣ 1 ਜਨਵਰੀ, 2022 ਤੋਂ ਇਹ ਨਿਯਮ ਲਾਗੂ ਹੋ ਜਾਵੇਗਾ। ਡੀ.ਐਚ.ਓ. ਨੇ ਦਸਿਆ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਹਰ ਖਾਧ ਵਿਕਰੇਤਾ ਲਈ ਫ਼ੂਡ ਸੇਫ਼ਟੀ ਲਾਇੰਸਸ ਜਾਂ ਰਜਿਸਟਰੇਸ਼ਨ ਸਰਟੀਫ਼ੀਕੇਟ ਲੈਣਾ ਲਾਜ਼ਮੀ ਹੈ ਪਰ ਕਈ ਲੋਕ ਬਿਨਾਂ ਰਜਿਸਟਰੇਸ਼ਨ ਦੇ ਵੀ ਕਾਰੋਬਾਰ ਕਰਦੇ ਹਨ।
ਉਨ੍ਹਾਂ ਦਸਿਆ ਕਿ ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਹਰ ਦੁਕਾਨਦਾਰ ਜਾਂ ਰੇਹੜੀ-ਫੜ੍ਹੀ ਵਾਲੇ ਲਈ ਵੀ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ, ਜਿਸ ਵਾਸਤੇ ਸਿਹਤ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਨਹੀਂ। ਵਿਭਾਗ ਦੀ ਵੈਬਸਾਈਟ www.foscos.fssai.gov.in ’ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਫ਼ੂਡ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਿਰਫ਼ ਸਰਕਾਰੀ ਫ਼ੀਸ ਲਈ ਜਾਂਦੀ ਹੈ। ਉਨ੍ਹਾਂ ਕਿਹਾ, ‘ਵੇਖਣ ਵਿਚ ਆਇਆ ਹੈ ਕਿ ਕੁਝ ਲੋਕ ਫ਼ੂਡ ਸੇਫ਼ਟੀ ਲਾਇੰਸਸ ਬਣਵਾਉਣ ਲਈ ਉਨ੍ਹਾਂ ਦੇ ਦਫ਼ਤਰ ਆਉਂਦੇ ਹਨ ਜਦਕਿ ਇਹ ਕੰਮ ਆਨਲਾਈਨ ਹੀ ਹੁੰਦਾ ਹੈ। ਇਸ ਸਬੰਧ ਵਿਚ ਜਾਣਕਾਰੀ ਲਈ ਮੇਰੇ ਨਾਲ ਫ਼ੋਨ ਨੰਬਰ 98766 43047 ’ਤੇ ਸੰਪਰਕ ਕੀਤਾ ਜਾ ਸਕਦਾ ਹੈ।’ ਉਨ੍ਹਾਂ ਇਹ ਵੀ ਦਸਿਆ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਦੁਕਾਨਦਾਰ ਨੂੰ ਟਰੇਅ ਉਤੇ ਮਿਆਦ ਦੀ ਤਰੀਕ ਦਰਸਾਉਣੀ ਪਵੇਗੀ। ਇਹ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੈ।