Raavi News # ਚੰਡੀਗੜ੍ਹ ਜਿੱਤ: ਬਾਘੀਆਂ ਪਾਉਣ ਦੀ ਤਿਆਰੀ ’ਚ ਆਮ ਆਦਮੀ ਪਾਰਟੀ

चंडीगढ़

ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ)

‘ਆਮ ਆਦਮੀ ਪਾਰਟੀ’ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ 14 ਵਾਰਡਾਂ ਵਿੱਚ ਜਿੱਤ ਹਾਸਲ ਕਰਨ ਉਪਰੰਤ ਬਠਿੰਡਾ ਖਿੱਤੇ ’ਚ ‘ਆਪ’ ਵਰਕਰਾਂ ਨੂੰ ਸਿਆਸੀ ਖੰਭ ਲਾ ਦਿੱਤੇ ਹਨ। ਚੰਡੀਗੜ੍ਹ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਤੇ ਅਸਰ ਪੈਣ ਦੀ ਸੰਭਾਵਨਾ ਨੂੰ ਦੇਖਦਿਆਂ ਆਪ ਵਲੰਟੀਅਰਾਂ ਨੇ ਅਗਾਮੀ ਚੋਣਾਂ ਦੌਰਾਨ ਬੁਲੰਦ ਹੌਂਸਲੇ ਤਿਆਰੀਆਂ ਦਾ ਬਿਗਲ ਵਜਾਇਆ । ਹਾਲਾਂਕਿ ‘ਚੰਡੀਗੜ੍ਹ ਦੇ ਮੇਅਰ ਦੀ ਚੇਅਰ’ ਤੋਂ ਪਾਰਟੀ ਕਾਫੀ ਦੂਰ ਹੈ ਫਿਰ ਵੀ ਪਹਿਲੀ ਵਾਰ ਚੋਣ ਮੈਦਾਨ ’ਚ ਏਦਾਂ ਦਾ ਨਤੀਜਾ ਆਉਣ ਕਾਰਨ ਸਿਆਸੀ ਸਮੀਕਰਨਾਂ ’ਚ ਤਬਦੀਲੀ ਹੋਣੀ ਰੱਦ ਨਹੀਂ ਕੀਤੀ ਜਾ ਸਕਦੀ ਹੈ। ਉਂਜ ਅੱਜ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਜਸ਼ਨ ਵਗੈਰਾ ਤੋਂ ਦੂਰੀ ਹੀ ਬਣਾ ਕੇ ਰੱਖੀ ਹੈ ਪ੍ਰੰਤੂ ਆਪਸ ’ਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਵਲੰਟੀਅਰ ਆਖਦੇ ਹਨ ਕਿ ਉਨ੍ਹਾਂ ਨੇ ਹੁਣ ਪਹਿਲਾਂ ਨਾਲੋਂ ਵੀ ਦੁੱਗਣੇ ਜੋਸ਼ ਨਾਲ ਰਿਵਾਇਤੀ ਪਾਰਟੀਆਂ ਨੂੰ ਭਾਂਜ ਦੇਣ ਲਈ ਨਿੱਤਰਨ ਦੇ ਮਕਸਦ ਨਾਲ ਵੋਟਰਾਂ ਨੂੰ  ਆਮ ਆਦਮੀ ਪਾਰਟੀ ਨਾਲ ਜੋੜਨ ਦਾ ਸਿਲਸਿਲਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਐਤਕੀਂ ਝਾੜੂ ਅਤੇ ਗਾਂਧੀ ਟੋਪੀ ਗਾਇਬ ਚੋਣ ਦ੍ਰਿਸ਼ ਜਾਂ ਪ੍ਰਚਾਰ ਵਿੱਚੋਂ ਗਾਇਬ ਹਨ ਫਿਰ ਵੀ ਚੰਡੀਗੜ੍ਹ ’ਚ ਮਾਰੀ ਬਾਜੀ ਦਾ ਅਸਰ ਵਲੰਟੀਅਰਾਂ ਅਤੇ ਆਮ ਆਦਮੀ ਤੇ ਨਜ਼ਰ ਆ ਰਿਹਾ ਹੈ।  ਦੇਖਣ ’ਚ ਆਇਆ ਹੈ ਕਿ  ਪੰਜਾਬੀ ਸੱਭਿਆਚਾਰ ਦਾ ਧੁਰਾ ਅਤੇ ਸੂਬੇ ਦੀ ਸਿਆਸਤ ’ਚ ਅਹਿਮ ਰੋਲ ਅਦਾ ਕਰਨ ਵਾਲੇ ਬਠਿੰਡਾ ’ਚ ਤਾਂ ਅੱਜ ਕਈ ਥਾਂਈ ਮਹਿਲਾ ਵਲੰਟੀਅਰਾਂ  ਇਕੱਠੀਆਂ ਹੋਈਆਂ ਜਿੱਥੇ ਚੋਣ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ ਘੜੀ ਅਤੇ ਚੋਣ ਨਗਾਰੇ ਤੇ ਸਿਆਸੀ ਤਾਲ ਠੋਕਣ ਦੇ ਫੈਸਲੇ ਲਏ।

                     ਅੱਜ ਇੱਕ ਵਾਰ ਫਿਰ ਰਾਜਨੀਤੀ ਨੂੰ ਨਵਾਂ ਮੋੜਾ ਦੇਣ ਦਾ ਦਾਅਵਾ ਕਰਨ ਵਾਲੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ  ਜਿੱਥੇ ਧਰਨਿਆਂ ਮੁਜਾਹਰਿਆਂ ‘ਚ ਚਰਚਾ ਦਾ ਵਿਸ਼ਾ ਬਣੇ ਉੱਥੇ ਹੀ ਚੰਡੀਗੜ੍ਹ ’ਚ ਭਾਜਪਾ ਨੂੰ ਹਰਾਉਣ ਨਾਲ ਬਣਾਏ ਪ੍ਰਭਾਵ ਤਹਿਤ ਅੱਜ ਸ਼ਹਿਰ ’ਚ ਸਮਾਜਿਕ ਸਮਾਗਮਾਂ ਦੌਰਾਨ ਵੀ  ਆਮ ਆਦਮੀ ਪਾਰਟੀ ਦੀ ਜਿੱਤ ਦੀ ਚੁੱਝ ਚਰਚਾ ਛਿੜੀ। ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਦੱਸਿਆ ਕਿ ਪੰਜ ਸਾਲ ’ਚ ਵਾਅਦਿਆਂ ਦੇ ਨਾਮ ਹੇਠ ਗੁਮਰਾਹ ਕਰਨ ਵਾਲੀ ਕਾਂਗਰਸ ਦਾ ਗਰਾਫ ਇਸ ਵਕਤ ਹੇਠਲੇ ਪੱਧਰ ਤੇ ਹੈ। ਉਨ੍ਹਾਂ ਦੱਸਿਆ ਕਿ ਦਸ ਸਾਲ ਸਰਕਾਰ ਚਲਾਉਣ ਵਾਲੇ  ਅਕਾਲੀ ਦਲ ਤੋਂ ਵੀ ਲੋਕ ਅਵਾਜ਼ਾਰ ਹਨ। ਉਨ੍ਹਾਂ ਆਖਿਆ ਕਿ ਇਸ ਕਾਰਨ ਪਾਰਟੀ ਨੂੰ ਪੂਰਾ ਪੂਰਾ  ਹੁੰਗਾਰਾ ਮਿਲਣ ਦੀ ਆਸ ਹੈ।

                        ਉਨ੍ਹਾਂ ਦਾਅਵਾ ਕੀਤਾ ਕਿ ਚੰਡੀਗੜ੍ਹ ਦੇ ਚੋਣ ਨਤੀਜ਼ਿਆਂ ਮਗਰੋਂ ਪਾਰਟੀ ਦੀ ਮੈਂਬਰਸ਼ਿਪ ਵਿੱਚ 20 ਤੋਂ 30 ਫੀਸਦੀ ਵਾਧਾ ਹੋਣ ਦਾ ਅਨੁਮਾਨ ਹੈ ਜਦੋਂ ਕਿ ਪੇਂਡੂ ਖੇਤਰਾਂ ’ਚ ਤਾਂ ਇਹ ਵਾਧਾ 35 ਤੋਂ 45 ਪ੍ਰਤੀਸ਼ਤ ਤੱਕ ਵੀ ਜਾ ਸਕਦਾ ਹੈ। ਉਨ੍ਹਾਂ  ਦੱਸਿਆ ਕਿ  ਚੋਣ ਜਾਬਤੇ ਤੱਕ ਪਾਰਟੀ ਆਗੂਆਂ ਨੇ ਢਕੀ ਰਿੱਝਣ ਦੇਣ ਦਾ ਫੈਸਲਾ ਲਿਆ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਧਰੇ ਦੂਸਰੀਆਂ ਸਿਆਸੀ ਪਾਰਟੀਆਂ ‘ਆਪ’ ਦੀ ਗੁਪਤ ਰੂਪ ’ਚ ਚੱਲ ਰਹੀ ਮੁਹਿੰਮ ਨੂੰ ਤਾਰਪੀਡੋ ਹੀ ਨਾਂ ਕਰ ਦੇਣ।  ਖੁਫੀਆ ਵਿਭਾਗ ਦੇ ਇੱਕ ਅਧਿਕਾਰੀ ਨੇ ਆਫ ਦਾ ਰਿਕਾਰਡ ਮੰਨਿਆ ਹੈ ਕਿ ਇਸ ਵਾਰ ਉਨ੍ਹਾਂ ਨੂੰ ਵੀ ਗਿਣਤੀਆਂ ਮਿਣਤੀਆਂ ਇਕੱਤਰ ਕਰਨ ’ਚ ਔਕੜਾਂ ਆ ਰਹੀਆਂ ਹਨ। ਅੱਜ ਦੀ ਇਕੱਤਰਤਾ ’ਚ ਅਚਲਾ ਸ਼ਰਮਾ,ਅਮਰਪਾਲ ਕੌਰ ,ਗਾਇਤਰੀ, ਦਵਿੰਦਰ ਕੌਰ,ਨਿਸ਼ਾ ਗੋਇਲ ਅਤੇ ਸੀਮਾ ਮਲਿਕ ਆਦਿ ਹਾਜਰ ਸਨ।

          “ਚੰਡੀਗੜ੍ਹ ਜਿੱਤ ਅਹਿਮ:ਅਲਕਾ ਹਾਂਡਾ”

ਆਮ ਆਦਮੀ ਪਾਰਟੀ ਬਠਿੰਡਾ ਦੀ ਸੀਨੀਅਰ ਆਗੂ ਤੇ ਸ਼ਹਿਰੀ ਹਲਕੇ ਦੀ ਕੋਆਰਡੀਨੇਟਰ ਅਲਕਾ ਹਾਂਡਾ ਦਾ ਕਹਿਣਾ ਸੀ ਕਿ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੂੰ ਨਮਨ ਕਰਨ ਅਤੇ ਸ਼ਰਧਾਂਜਲੀਆਂ ਵਜੋਂ ਅੱਜ ਚੰਡੀਗੜ੍ਹ ਸਫਲਤਾ ਦਾ ਕੋਈ ਜਸ਼ਨ ਵਗੈਰਾ ਨਹੀਂ ਮਨਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਚੰਡੀਗੜ੍ਹ ’ਚ ਜਿੱਤ ਦੇ ਵੱਡੇ ਸਿਆਸੀ ਮਾਇਨੇ ਹਨ ਜਿਸ ਦੀ ਰੌਸ਼ਨੀ ’ਚ ਆਪ ਵਲੰਟੀਅਰਾਂ ਨੇ ਵਿਧਾਨ ਸਭਾ ਚੋਣਾਂ ਲਈ ਤਨਦੇਹੀ ਨਾਲ ਜੁਟਣ ਦਾ ਅਹਿਦ ਲਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਅਸਲੀਅਤ ਸਮਝਣ ਲੱਗੇ ਹਨ ਜਿੰਨ੍ਹਾਂ ਇਸ ਵਾਰ ’ਆਪ’ ਦੇ ਹੱਕ ’ਚ ਫਤਵਾ ਦੇਣ ਦਾ ਮਨ ਬਣਾ ਲਿਆ ਹੈ ਜਿਸ ਦੀ ਸ਼ੁਰੂਆਤ ਚੰਡੀਗੜ੍ਹ ਨੇ ਕਰ ਦਿੱਤੀ ਹੈ।

     “ਪੰਜਾਬ ਦਾ ਮਨ ਬਦਲਿਆ: ਜਗਰੂਪ ਗਿੱਲ”

ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਪਿਛਲੇ ਪੰਜ ਵਰਿ੍ਹਆਂ ਦੌਰਾਨ ਹਾਕਮ ਪਾਰਟੀ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਪੰਜਾਬੀਆਂ ਦੇ ਮਨ ਬਦਲ ਦਿੱਤੇ ਹਨ। ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ’ਚ ਕਥਿਤ ਲੁੱਟ ਖਸੁੱਟ ਦਾ ਰਾਹ ਫੜ੍ਹਿਆ ਤਾਂ ਕਾਂਗਰਸ ਨੇ ਵੀ ਘੱਟ ਨਹੀਂ ਕੀਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਹਰ ਮਸਲੇ ਲਈ ਦੂਸਰਿਆਂ ‘ਤੇ ਦੋਸ਼ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਫ਼ਲਤਾ ਨੇ ਸਾਬਤ ਕਰ ਦਿੱਤਾ ਹੈ ਪੰਜਾਬ ਦੇ ਲੋਕ ਕਿ ਰਵਾਇਤੀ ਰਾਜਸੀ ਪਾਰਟੀਆਂ ਤੋਂ ਤੰਗ ਆਕੇ ਬਦਲ ਤਲਾਸ਼ ਰਹੇ ਹਨ ਜੋ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ।

Share and Enjoy !

Shares

Leave a Reply

Your email address will not be published.