ਰਾਵੀ ਨਿਊਜ ਬਟਾਲਾ
ਕੋਵਿਡ-19 ਦੇ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਯਤਨ ਲਗਾਤਾਰ ਜਾਰੀ ਹਨ। ਇਨ੍ਹਾਂ ਯਤਨਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਾਰੇ ਬੂਥਾਂ/ਪਿੰਡਾਂ ਵਿੱਚ ਕੋਵਿਡ-19 ਦੀ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਲਗਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਸ੍ਰੀ ਰਾਹੁਲ ਸਿੰਧੂ ਜੋ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਰਿਟਰਨਿੰਗ ਅਫ਼ਸਰ ਵੀ ਹਨ ਨੇ ਦੱਸਿਆ ਕਿ ਬੂਥ ਲੈਵਲ ’ਤੇ ਗਠਤ ਕੀਤੀਆਂ ਇਹ ਟੀਮਾਂ ਰੋਜ਼ਾਨਾਂ ਹੀ ਆਪਣੇ ਅਲਾਟ ਕੀਤੇ ਬੂਥਾਂ ਵਿੱਚ ਨਾਗਰਿਕਾਂ ਦਾ ਟੀਕਾਕਰਨ ਕਰਨਗੀਆਂ। ਇਸ ਦੇ ਨਾਲ ਹੀ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿੱਜੀ ਤੌਰ ’ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਰੋਜ਼ਾਨਾਂ ਹੀ ਸਮੇਤ ਬੀ.ਐੱਲ.ਓ. ਬੂਥਾਂ ਵਿੱਚ ਟੀਕਾਕਰਨ ਕਰਨਗੇ ਅਤੇ ਹਰ ਬੀ.ਐੱਲ.ਓ. ਆਪਣੇ ਬੂਥ ਵਿੱਚ ਮਿਤੀ ਅਨੁਸਾਰ ਮੁਸਤਰੀ ਮੁਨਿਆਦੀ ਕਰਵਾਏਗਾ। ਉਨ੍ਹਾਂ ਕਿਹਾ ਹਰ ਸੁਪਰਵਾਈਜ਼ਰ ਨੂੰ ਰੋਜ਼ਾਨਾਂ ਘੱਟ ਤੋਂ ਘੱਟ 250 ਵੈਕਸੀਨ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ।
ਸ੍ਰੀ ਰਾਹੁਲ ਸਿੰਧੂ ਨੇ ਕਿਹਾ ਕਿ ਬੀ.ਐੱਲ.ਓਜ਼ ਵੱਲੋਂ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਅਜੇ ਤੱਕ ਕੋਵਿਡ-19 ਦੀ ਵੈਕਸੀਨ ਨਹੀਂ ਲਗਵਾਈ ਉਹ ਆਪਣੀ ਵੈਕਸੀਨੇਸ਼ਨ ਜਰੂਰ ਕਰਵਾ ਲੈਣ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਬਿਮਾਰੀ ਨੂੰ ਹਲਕੇ ਵਿੱਚ ਬਿਲਕੁਲ ਨਾ ਲਿਆ ਜਾਵੇ, ਥੋੜੀ ਜਿਹੀ ਲਾਪਰਵਾਹੀ ਵੀ ਖਤਰਨਾਕ ਸਾਬਤ ਹੋ ਸਕਦੀ ਹੈ।