ਚੰਡੀਗੜ੍ਹ, 20 ਦਸੰਬਰ (ਗੁਰਵਿੰਦਰ ਸਿੰਘ ਮੋਹਾਲੀ)
ਕਾਂਗਰਸ ਪਾਰਟੀ ਵਿੱਚ ਚਲ ਰਿਹਾ ਕਾਟੋ ਕਲੇਸ਼ ਖਤਮ ਹੁੰਦਾ ਨਹੀਂ ਦਿਖ ਰਿਹਾ ਅਤੇ ਇਸ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲਗਣ ਦੀ ਤਿਆਰੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਪੰਜਾਬ ਦੇ ਕੁੱਝ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਪਾਰਟੀ ਦਾ ਸਾਥ ਛੱਡ ਸਕਦੇ ਹਨ ਅਤੇ ਇਨ੍ਹਾਂ ਦੀ ਭਾਜਪਾ ਵਿੱਚ ਐਂਟਰੀ ਹੋ ਸਕਦੀ ਹੈ।
ਇੱਥੇ ਜਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਲਗਾਤਾਰ ਵੱਧਦਾ ਹੀ ਰਿਹਾ ਹੈ। ਇਸ ਦੌਰਾਨ ਜਿੱਥੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਿਚਾਲੇ ਟਕਰਾਅ ਦੀ ਨੌਬਤ ਬਣੀ ਰਹੀ ਉੱਥੇ ਹੁਣ ਉਹਨਾਂ ਦੋਵਾਂ ਵਿੱਚ ਭਾਵੇਂ ਕੁੱਝ ਕੁੱਝ ਠੀਕ ਹੋ ਗਿਆ ਦੱਸਿਆ ਜਾ ਰਿਹਾ ਹੈ ਪਰੰਤੂ ਸਰਕਾਰ ਦੇ ਕਈ ਮੰਤਰੀ ਬੁਰੀ ਤਰ੍ਹਾਂ ਅਸੰਤੁਸ਼ਟ ਦੱਸੇ ਜਾ ਰਹੇ ਹਨ ਅਤੇ ਪਾਰਟੀ ਛੱਡ ਕੇ ਕੈਪਟਨ ਅਮਰਿਦਰ ਸਿੰਘ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਣ ਦਾ ਮਨ ਬਣਾ ਚੁੱਕੇ ਹਨ।
ਇਸ ਦੌਰਾਨ ਪਿਛਲੇ ਦਿਨੀਂ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਹਮਲਾਵਰ ਹੋਣ ਤੋਂ ਬਾਅਦ ਉਹਨਾਂ ਦੇ ਪਾਰਟੀ ਛੱਡਣ ਦੀ ਚਰਚਾ ਗਰਮ ਹੋ ਗਈ ਹੈ। ਉਹਨਾਂ ਤੋਂ ਇਲਾਵਾ ਰਾਣਾ ਗੁਰਮੀਤ ਸਿਘ ਸੋਢੀ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਕੈਪਟਨ ਦੇ ਨਾਲ ਜਾ ਸਕਦੇ ਹਨ। ਇਸ ਦੌਰਾਨ ਘੱਟੋ ਘੱਟ ਪੰਜ ਹੋਰ ਮੰਤਰੀਆਂ ਦੇ ਨਾਵਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ।
ਸਿਆਸੀ ਮਾਹਿਰ ਕਹਿੰਦੇ ਹਨ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਆਪਣੀ ਨਵੀਂ ਪਾਰਟੀ ਬਣਾਈ ਜਾ ਚੁੱਕੀ ਹੈ ਅਤੇ ਹੁਣ ਜੇਕਰ ਕਾਂਗਰਸ ਦੇ ਹੋਰ ਵੱਡੇ ਲੀਡਰ ਪਾਰਟੀ ਛੱਡ ਜਾਂਦੇ ਹਨ ਤਾਂ ਪੰਜਾਬ ਕਾਂਗਰਸ ਨੂੰ ਚੋਣਾਂ ਦੌਰਾਨ ਵੱਡਾ ਘਾਟਾ ਪੈਣਾ ਤੈਅ ਹੈ। ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਇਹਨਾਂ ਹਾਲਾਤਾਂ ਵਿੱਚ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ ਮੁੜ ਸਰਕਾਰ ਬਣਾਉਣ ਦੇ ਟੀਚੇ ਤੇ ਕਿਵੇਂ ਪਹੁੰਚੇਗੀ।