ਗਰਮੀ ਰੁੱਤ ਦੇ ਮਾਂਹ ਤੋਂ ਵਧੇਰੇ ਪੈਦਾਵਾਰ ਲੈਣ ਦੇ ਜ਼ਰੂਰੀ ਨੁਕਤੇ

बिज़नेस

ਰਾਵੀ ਨਿਊਜ ਬਟਾਲਾ

ਜ਼ਿਲਾ ਗੁਰਦਾਸਪੁਰ ਵਿੱਚ ਕਿਸੇ ਸਮੇਂ ਰਿਆੜਕੀ ਦੇ ਇਲਾਕੇ ਦੇ ਮਾਂਹ ਮਸ਼ਹੂਰ ਹੁੰਦੇ ਸਨ। ਪੰਜਾਬ ਵਿੱਚ ਕੋਈ ਅਜਿਹਾ ਸਮਾਜਿਕ ਜਾਂ ਧਾਰਮਿਕ ਸਮਾਗਮ ਸੰਪੂਰਨ ਨਹੀਂ ਹੁੰਦਾ ਜਦ ਤੱਕ ਮਾਹਾਂ ਦੀ ਦਾਲ ਨਾ ਬਣੇ। ਜਦ ਵੀ ਕਿਤੇ ਬਾਹਰ ਕਿਸੇ ਢਾਬੇ ਤੇ ਰੋਟੀ ਖਾਣੀ ਹੋਵੇ ਤਾਂ ਮਾਹਾਂ ਦੀ ਦਾਲ ਨੂੰ ਪਹਿਲ ਦਿੱਤੀ ਜਾਂਦੀ ਹੈ, ਉਹ ਚਾਹੇ ਦਾਲ ਮੱਖਣੀ ਹੋਵੇ ਜਾਂ ਤੜਕੇ ਵਾਲੀ। ਸੋ ਮਾਂਹਾਂ ਦੀ ਦਾਲ ਮੰਗ ਨੂੰ ਮੁੱਖ ਰੱਖਦਿਆਂ ਰਕਬਾ ਵਧਾਇਆ ਜਾ ਸਕਦਾ ਹੈ। ਜੇਕਰ ਉਦਮੀ ਕਿਸਾਨ ਮਾਹਾਂ ਦੀ ਪੈਦਾਵਾਰ ਨੂੰ ਖੁਦ ਇੱਕ ਕਿਲੋ ਤੋਂ ਪੰਜ ਕਿਲੋ ਤੱਕ ਦੀ ਪੈਕਿੰਗ ਕਰਕੇ ਖਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਤਾਂ ਹੋਰ ਫਾਇਦਾ ਲਿਆ ਜਾ ਸਕਦਾ।
ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਮਾਹਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕਮਾਦ ਦੀ ਫਸਲ ਵਿੱਚ ਅੰਤਰ ਫਸਲ ਵੱਜੋਂ ਵੀ ਕੀਤੀ ਜਾ ਸਕਦੀ ਹੈ। ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕਰਕੇ ਕਿਸਾਨ ਜਿਥੇ ਵਧੇਰੇ ਆਮਦਨ ਲੈ ਸਕਦੇ ਹਨ, ਉਥੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਗਰਮੀ ਰੁੱਤ ਦੀ ਮਾਹਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਹੇਠ ਲਿਖੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ।  
ਢਾ. ਅਮਰੀਕ ਸਿੰਘ ਨੇ ਦੱਸਿਆ ਕਿ ਮਾਂਹ ਦੀ ਫਸਲ ਹੋਰਨਾਂ ਦਾਲਾਂ ਨਾਲੋਂ ਵਧੇਰੇ ਗਰਮੀ ਸਹਾਰ ਸਕਣ ਕਾਰਨ ਇਸ ਦੀ ਕਾਸ਼ਤ ਲਈ ਗਰਮ ਜਲਵਾਯੂ ਦੀ ਜ਼ਰੂਰਤ ਹੈ। ਇਸ ਦੀ ਕਾਸਤ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਬਹੁਤ ਹੀ ਢੁਕਵੀਂ ਹੈ। ਮਾਂਹ ਦੀ ਕਾਸ਼ਤ ਲਈ ਦੋ ਕਿਸਮਾਂ ਮਾਂਹ 1008 ਅਤੇ ਮਾਂਹ 218 ਦੀ ਸਿਫਾਰਸ਼ ਕੀਤੀ ਗਈ ਹੈ। ਮਾਂਹ 1008 ਕਿਸਮ ਨੂੰ ਫਲੀਆਂ ਭਰਪੂਰ ਲੱਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ ਅਤੇ ਇਹ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ ਮੁਰੜ ਵਿਸਾਣੂ ਰੋਗ ਘੱਟ ਲੱਗਦਾ ਹੈ। ਇਸ ਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ। ਮਾਂਹ 2018 ਕਿਸਮ ਤਕਰੀਬਨ 75 ਦਿਨਾ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ 4.00 ਕੁਇੰਟਲ ਪ੍ਰਤੀ ਏਕੜ ਹੈ।
ਉਨ੍ਹਾਂ ਕਿਹਾ ਕਿ ਆਮ ਕਰਕੇ ਕਿਸਾਨ ਪ੍ਰਤੀ ਏਕੜ ਬੀਜ਼ 10-15 ਕਿਲੋ ਵਰਤਦੇ ਹਨ ਜਿਸ ਕਾਰਨ ਝਾੜ ਘੱਟ ਨਿਕਲਦਾ ਹੈ ਇਸ ਲਈ ਵਧੇਰੇ ਪੈਦਾਵਾਰ ਲੈਣ ਲਈ 20 ਕਿਲੋ ਬੀਜ ਪ੍ਰਤੀ ਏਕੜ ਬੀਜ ਵਰਤਣਾ ਚਾਹੀਦਾ ਹੈ। ਇਸ ਦੀ ਬਿਜਾਈ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ 22.5 ਸੈ.ਮੀ. ਚੌੜੀਆਂ ਕਤਾਰਾਂ ਵਿੱਚ ਅਤੇ ਬੁਟੇ ਤੋਂ ਬੂਟੇ ਦਾ ਫਾਸਲਾ 4.5 ਸੈ.ਮੀ. ਰੱਖਣਾ ਚਾਹੀਦਾ ਹੈ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਮਾਂਹਾਂ ਦੀ ਕਾਸ਼ਤ ਬਿਨਾਂ ਕੋਈ ਖਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੁਡਾਈ ਬਿਜਾਈ ਤੋਂ 4 ਹਫਤੇ ਅਤੇ ਦੂਜੀ ਉਸ ਤੋਂ 2 ਹਫਤੇ ਬਾਅਦ ਕਰਨ ਦੀ ਸਿਫਾਰਸ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇੱਕ ਲਿਟਰ ਪੈਂਡੀਮੈਥਾਲਿਨ 30 ਈ.ਸੀ. ਨੂੰ 150-200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਲੰਮੀ ਉਮਰ ਦੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਚਾਰ ਹਫਤਿਆਂ ਬਾਅਦ ਗੁਡਾਈ ਕਰਨੀ ਚਾਹੀਦੀ ਹੈ
ਡਾ. ਅਮਰੀਕ ਸਿੰਘ ਨੇ ਕਿਹਾ ਕਿ ਮੌਸਮ ਅਤੇ ਜ਼ਮੀਨ ਦੀ ਕਿਸਮ ਦੇ ਅਨੁਸਾਰ ਮਾਂਹ ਦੀ ਫਸਲ ਨੂੰ 3-5 ਪਾਣੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਅਤੇ ਆਖਰੀ ਪਾਣੀ 60 ਦਿਨਾਂ ਬਾਅਦ ਲਾਉਣਾ ਚਾਹੀਦਾ ਹੈ।
ਕੀੜੇ-ਮਕੌੜੇ: ਫਲੀ ਛੇਦਕ ਸੁੰਡੀ ਮਾਂਹ ਦੇ ਪੱਤਿਆਂ, ਫਲੀਆਂ ਅਤੇ ਫੁੱਲਾਂ ਨੂੰ ਖਾ ਕੇ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫਲੀਆਂ ਵਿੱਚ ਮੋਰੀਆਂ, ਬੂਟਿਆ ਹੇਠ ਜ਼ਮੀਨ ਉੱਤੇ ਗੂੜੇ ਹਰੇ ਰੰਗ ਦੀਆਂ ਵਿੱਠਾਂ ਤੋਂ ਲੱਗ ਜਾਂਦਾ ਹੈ। ਇਸ ਕੀੜੇ ਦੀ ਰੋਕਥਾਮ ਹਮਲਾ ਸ਼ੁਰੂ ਹੋਣ ਤੇ ਸਪਾਈਨੋਸੈਡ 45 ਐਸ ਸੀ ਜਾਂ 200 ਮਿ.ਲਿ. ਐਂਡੋਸਕਾਰਬ 14.5 ਐਸ ਸੀ ਜਾਂ 800 ਗ੍ਰਾਮ ਐਸੀਫੇਟ 75 ਐਸ ਪੀ ਪ੍ਰਤੀ ਏਕੜ ਨੂੰ 80-100 ਲਿਟਰ ਪਾਣੀ ਦੇ ਘੋਲ ਵਿੱਚ ਨੈਪਸੈਕ ਪੰਪ ਨਾਲ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਜੇਕਰ ਜ਼ਰੂਰਤ ਪਵੇ ਤਾਂ ਛਿੜਕਾਅ ਦੁਬਾਰਾ ਕਰੋ।
ਤੰਬਾਕੂ ਸੁੰਡੀ : ਛੋਟੀਆਂ ਸੁੰਡੀਆਂ ਕਾਲੇ ਰੰਗ ਅਤੇ ਵੱਡੀਆਂ ਗੂੜੇ ਹਰੇ ਰੰਗ ਦੀਆਂ ਹੁੰਦੀਆਂ ਹਨ। ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਰਾ ਮਾਦਾ ਖਾ ਕੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਵੱਡੀਆਂ ਸੁੰਡੀਆਂ ਪੱਤਿਆਂ ਦੇ ਨਾਲ ਨਾਲ ਡੋਡੀਆਂ, ਫੁੱਲ ਅਤੇ ਫਲੀਆਂ ਦਾ ਨੁਕਸਾਨ ਕਰਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ ਫਸਲ ਦੀ ਬਿਜਾਈ ਸਮੇਂ ਸਿਰ ਕਰੋ। ਨਦੀਨਾਂ ਖਾਸ ਕਰਕੇ ਇੱਟਸਿਟ/ਚੁਪੱਤੀਦੀ ਰੋਕਥਾਮ ਕਰੋ। ਸ਼ੁਰੂਆਤੀ ਹਮਲੇ ਸਮੇਂ ਪ੍ਰਭਾਵਤ ਬੂਟੇ ਨੂੰ ਨਸ਼ਟ ਕਰਕੇ ਸੁੰਢੀਆਂ ਦਾ ਖਾਤਮਾ ਕਰੋ। ਜੇਕਰ ਹਮਲਾ ਜ਼ਿਆਦਾ ਹੁੰਦਾ ਹੈ ਤਾਂ 150 ਮਿ.ਲਿ.ਨੁਵਾਕਰੋਨ 10 ਈ ਸੀ ਜਾਂ 800 ਗਰਾਮ ਐਸੀਫੇਟ 75 ਐਸ ਪੀਜਾਂ 1.5 ਲਿਟਰ ਕਲੋਰੋਪਾਈਰੀਫਾਸ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਲੋੜ ਪਵੇ ਤਾਂ ਛਿੜਕਾਅ ਦੁਬਾਰਾ ਕਰੋ।
  

Share and Enjoy !

Shares

Leave a Reply

Your email address will not be published.