Batala News # ਪਸ਼ੂਆਂ ਦੇ ਬੱਚਿਆਂ ਦੀ ਸੰਭਾਲ ਭਵਿੱਖ ਵਿੱਚ ਉਨਾਂ ਨੂੰ ਵੱਧ ਦੁੱਧ ਪੈਦਾਵਾਰ ਵਾਲੇ ਪਸ਼ੂ ਬਣਾਉਣ ਵਿੱਚ ਸਹਾਇਕ

बटाला

ਰਾਵੀ ਨਿਊਜ ਬਟਾਲਾ

ਝੋਟੀਆਂ ਅਤੇ ਵਹਿੜੀਆਂ ਡੇਅਰੀ ਫਾਰਮਿੰਗ ਦੇ ਧੰਦੇ ਦੀ ਜੜ ਹਨ। ਸਫਲ ਡੇਅਰੀ ਫਾਰਮਿੰਗ ਲਈ ਲਗਾਤਾਰ ਨਵੇਂ ਪਸ਼ੂ ਵੱਗ ਵਿੱਚ ਸ਼ਾਮਲ ਕਰਨੇ ਪੈਂਦੇ ਹਨ ਅਤੇ ਘੱਟ ਉਤਪਾਦਨ ਵਾਲੇ ਪਸ਼ੂਆਂ ਦੀ ਛਾਂਟੀ ਕਰਨੀ ਪੈਂਦੀ ਹੈ। ਜੇ ਅਸੀਂ ਆਪਣੀਆਂ ਝੋਟੀਆਂ-ਵਹਿੜੀਆਂ ਪੈਦਾ ਨਹੀਂ ਕਰਦੇ ਤਾਂ ਸਾਨੂੰ ਬਦਲਵੇਂ ਜਾਨਵਰ ਬਾਹਰੋਂ ਖਰੀਦਣੇ ਪੈਣਗੇ, ਜੋ ਕਿ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ। ਆਮ ਤੌਰ ’ਤੇ ਕਿਸਾਨ ਛੋਟੇ ਬੱਚਿਆਂ ਦੀ ਉਦੋਂ ਤੱਕ ਸਾਂਭ-ਸੰਭਾਲ ਕਰਦੇ ਹਨ ਜਦੋਂ ਤੱਕ ਉਹ ਦੁੱਧ ਚੁੰਘਦੇ ਹਨ। ਉਸ ਤੋਂ ਬਾਅਦ ਉਨਾਂ ਦਾ ਬਣਦਾ ਖ਼ਿਆਲ ਨਹੀਂ ਰੱਖਿਆ ਜਾਂਦਾ। ਅਜਿਹੇ ਬੱਚੇ ਆਪਣੀ ਸਾਰੀ ਉੁਮਰ ਪੂਰੀ ਸਮਰੱਥਾ ਮੁਤਾਬਕ ਦੁੱਧ ਨਹੀਂ ਦੇ ਸਕਦੇ। ਪਸ਼ੂਆਂ ਦੇ ਬੱਚਿਆਂ ਦੀ ਸਾਂਭ ਸੰਭਾਲ ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਵੈਨਟਰੀ ਅਫ਼ਸਰ ਡਾ. ਸਰਬਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਚੰਗੀਆਂ ਕੱਟੀਆਂ ਵੱਛੀਆਂ ਦਾ ਅਰਥ ਹੈ ਕਿ ਸਾਡੇ ਕੋਲ ਚੰਗੇ ਦੁਧਾਰੂ ਪਸ਼ੂ ਹੋਣਗੇ, ਜੋ ਜ਼ਿਆਦਾ ਬੱਚੇ ਦੇਣਗੇ ਅਤੇ ਜ਼ਿਆਦਾ ਦੁੱਧ ਉਤਪਾਦਨ ਹੋਵੇਗਾ। ਉਨਾਂ ਕਿਹਾ ਕਿ ਪਸ਼ੂ ਪਾਲਣ ਕਿੱਤੇ ਵਿੱਚ ਖੁਰਾਕ ਨੂੰ ਨਕਦ ਰਕਮ ਵਿੱਚ ਬਦਲਣ ਦਾ ਸਭ ਤੋਂ ਵਧੀਆ ਸਮਾਂ ਛੋਟੇ ਬੱਚਿਆਂ ਤੋਂ ਝੋਟੀਆਂ-ਵਹਿੜੀਆਂ ਬਣਨ ਤੱਕ ਦਾ ਹੈ। ਇਸ ਨਾਲ ਦੁੱਧ ਉਤਪਾਦਨ ਤੋਂ ਜ਼ਿਆਦਾ ਕਮਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚੰਗੀ ਸਾਂਭ-ਸੰਭਾਲ ਦੇ ਸਿਰ ’ਤੇ ਇਕ ਪਸ਼ੂ ਤੋਂ ਵੱਧ ਤੋਂ ਵੱਧ ਸੂਏ ਲਏ ਜਾ ਸਕਦੇ ਹਨ। ਜਵਾਨ ਹੋ ਰਹੇ ਪਸ਼ੂਆਂ ਦੀ ਸਾਂਭ-ਸੰਭਾਲ ਅਜਿਹੀ ਹੋਣੀ ਚਾਹੀਦੀ ਹੈ ਕਿ ਵਹਿੜੀਆਂ 15 ਮਹੀਨਿਆਂ ਦੀ ਉਮਰ ਤੱਕ ਜਵਾਨ ਹੋ ਕੇ 20 ਮਹੀਨਿਆਂ ਤੱਕ ਗੱਭਣ ਹੋਣ ਉਪਰੰਤ 30 ਮਹੀਨਿਆਂ ਦੀ ਉਮਰ ਤੱਕ ਪਹਿਲਾ ਬੱਚਾ ਪੈਦਾ ਕਰ ਦੇਣ। ਝੋਟੀਆਂ 20 ਮਹੀਨਿਆਂ ਦੀ ਉਮਰ ਤੱਕ ਜਵਾਨ ਹੋ ਕੇ 25 ਮਹੀਨਿਆਂ ਤੱਕ ਗੱਭਣ ਹੋਣ ਉਪਰੰਤ ਤਿੰਨ ਸਾਲ ਦੀ ਉਮਰ ਤੱਕ ਪਹਿਲਾ ਬੱਚਾ ਪੈਦਾ ਕਰ ਲੈਣ ਅਤੇ ਪਹਿਲੇ ਜਣੇਪੇ ਉਪਰੰਤ 2-3 ਮਹੀਨਿਆਂ ਤੱਕ ਦੁਬਾਰਾ ਹੇਹੇ ਵਿੱਚ ਆ ਜਾਣ।

ਡਾ. ਰੰਧਾਵਾ ਨੇ ਦੱਸਿਆ ਕਿ ਇਨਾਂ ਪਸ਼ੂਆਂ ਦਾ ਭਾਰ ਇਨਾਂ ਦੀ ਉਮਰ ਨਾਲੋਂ ਵਿਕਾਸ ਦਾ ਜ਼ਿਆਦਾ ਵਧੀਆ ਮਾਪਦੰਡ ਹੈ। ਹੇਰੇ ਦੀਆਂ ਪਹਿਲੀਆਂ ਨਿਸ਼ਾਨੀਆਂ ਵੱਛੀਆਂ ਵਿੱਚ ਪੂਰੇ ਜਾਨਵਰ ਦੇ 40-60 ਫੀਸਦੀ ਭਾਰ ਅਤੇ ਝੋਟੀਆਂ ਵਿਚ 50-70 ਫੀਸਦੀ ਭਾਰ ਹੋਣ ’ਤੇ ਦਿਖਾਈ ਦਿੰਦੀਆਂ ਹਨ। ਜੇ ਸਾਡੀ ਸਾਂਭ-ਸੰਭਾਲ ਸਹੀ ਨਾ ਹੋਵੇ ਤਾਂ ਇਹ ਪਸ਼ੂ ਮਾਪਦੰਡ ’ਤੇ ਖਰੇ ਨਹੀਂ ਉਤਰਦੇ। ਜਿਨਾਂ ਜਾਨਵਰਾਂ ਦਾ ਭਾਰ ਨਿਰਧਾਰਤ ਸਮੇਂ ਵਿੱਚ ਇਨਾਂ ਮਾਪਦੰਡਾਂ ਮੁਤਾਬਕ ਪੂਰਾ ਨਾ ਹੁੰਦਾ ਹੋਵੇ ਤਾਂ ਉਨਾਂ ਦੇ ਗੱਭਣ ਹੋਣ ਦੇ ਆਸਾਰ ਘਟ ਜਾਂਦੇ ਹਨ ਅਤੇ ਸੂਣ ਉਪਰੰਤ ਵੀ ਦੁੱਧ ਅਤੇ ਫੈਟ ਦੀ ਮਾਤਰਾ ਅਨੁਵੰਸ਼ਿਕ ਸਮਰੱਥਾ ਅਨੁਸਾਰ ਪੂਰੀ ਨਹੀਂ ਹੁੰਦੀ। ਆਦਰਸ਼ ਹਾਲਤਾਂ ਵਿੱਚ ਇਨਾਂ ਪਸ਼ੂਆਂ ਦਾ ਭਾਰ ਹਰ ਰੋਜ਼ 400-700 ਗ੍ਰਾਮ ਤੱਕ ਵਧਣਾ ਚਾਹੀਦਾ ਹੈ। ਜੇ ਪੂਰੀ ਸਾਂਭ-ਸੰਭਾਲ ’ਤੇ ਵੀ ਇਸ ਮੁਤਾਬਕ ਵਜ਼ਨ ਨਾ ਵਧ ਰਿਹਾ ਹੋਵੇ ਤਾਂ ਮੁੱਖ ਕਾਰਨ ਪੇਟ ਅਤੇ ਜਿਗਰ ਦੇ ਕੀੜੇ ਹੋ ਸਕਦੇ ਹਨ। ਇਸ ਕਰਕੇ ਆਪਣੇ ਵੱਗ ਦੇ ਸਾਰੇ ਹੀ ਪਸ਼ੂਆਂ ਨੂੰ ਹਰ ਤਿੰਨ ਮਹੀਨੇ ਬਾਅਦ ਪੇਟ ਅਤੇ ਜਿਗਰ ਦੇ ਕੀੜੇ ਮਾਰਨ ਲਈ ਦਵਾਈ ਦਿੰਦੇ ਰਹਿਣਾ ਚਾਹੀਦਾ ਹੈ। ਚੰਗੀ ਖੁਰਾਕ ਖਾਣ ਵਾਲੇ ਪਸ਼ੂਆਂ ਦਾ ਹੀ ਸਹੀ ਵਿਕਾਸ ਹੁੰਦਾ ਹੈ ਅਤੇ ਉਹ ਬਿਮਾਰੀਆਂ ਤੇ ਖੁਰਾਕੀ ਤੱਤਾਂ ਦੀ ਘਾਟ ਦੇ ਸ਼ਿਕਾਰ ਨਹੀਂ ਹੁੰਦੇ। ਇਨਾਂ ਪਸ਼ੂਆਂ ’ਤੇ ਬਾਹਰੀ ਪਰਜੀਵੀਆਂ ਜਿਵੇਂ ਜੂੰਆਂ ਤੇ ਚਿੱਚੜ ਆਦਿ ਦਾ ਵੀ ਹਮਲਾ ਹੋ ਸਕਦਾ ਹੈ। ਇਹ ਜੀਵ ਪਸ਼ੂਆਂ ਦਾ ਖੂਨ ਚੂਸਦੇ ਹਨ, ਜਿਸ ਨਾਲ ਵਾਧੇ ’ਤੇ ਬਹੁਤ ਅਸਰ ਹੁੰਦਾ ਹੈ। ਇਸ ਕਰਕੇ ਪਰਜੀਵੀਆਂ ਨੂੰ ਮਾਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਵੀ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ।

ਡਾ. ਸਰਬਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪਸ਼ੂਆਂ ਦੇ ਸਰੀਰਕ ਵਿਕਾਸ ਲਈ ਹਰੇ ਪੱਠੇ ਮਿਲਣੇ ਚਾਹੀਦੇ ਹਨ। ਹਰੇ ਪੱਠਿਆਂ ਵਿੱਚ ਕੁੱਲ ਪਚਣਯੋਗ ਤੱਤਾਂ ਦੀ ਮਾਤਰਾ 70-75 ਫੀਸਦੀ ਤੱਕ ਹੋਣੀ ਚਾਹੀਦੀ ਹੈ। ਜੇ ਸਾਡੇ ਕੋਲ ਤਾਜ਼ਾ ਹਰਾ ਚਾਰਾ ਉਪਲਬਧ ਨਾ ਹੋਵੇ ਤਾਂ ਪਹਿਲਾਂ ਤੋਂ ਤਿਆਰ ਕਰਕੇ ਰੱਖਿਆ ਗਿਆ ਹੇਅ ਅਤੇ ਪੱਠਿਆਂ ਦਾ ਆਚਾਰ ਵਰਤਿਆ ਜਾ ਸਕਦਾ ਹੈ। ਖਿਆਲ ਰੱਖਣ ਵਾਲੀ ਗੱਲ ਹੈ ਕਿ ਆਚਾਰ ਛੇ ਮਹੀਨਿਆਂ ਤੋਂ ਘੱਟ ਉਮਰ ਦੇ ਪਸ਼ੂਆਂ ਨੂੰ ਨਾ ਚਾਰਿਆ ਜਾਵੇ ਅਤੇ ਇਹ ਉੱਲੀ/ਗੰਦਗੀ ਤੋਂ ਰਹਿਤ ਹੋਣਾ ਚਾਹੀਦਾ ਹੈ। ਜਾਨਵਰਾਂ ਦਾ ਸਭ ਤੋਂ ਅਹਿਮ ਪੌਸ਼ਕ ਤੱਤ ਪਾਣੀ ਹੈ। ਇਸ ਕਰਕੇ ਸਾਫ-ਸੁਥਰਾ ਪਾਣੀ ਹਰ ਸਮੇਂ ਉਪਲਬਧ ਹੋਣਾ ਚਾਹੀਦਾ ਹੈ।

ਡਾ. ਰੰਧਾਵਾ ਨੇ ਕਿਹਾ ਕਿ ਸਰਦੀ ਦੀ ਰੁੱਤ ਵਿੱਚ ਪਸ਼ੂਆਂ ਹੇਠ ਤੂੜੀ, ਪਰਾਲੀ ਦੀ ਸੁੱਕ ਪਾ ਦੇਣੀ ਚਾਹੀਦੀ ਹੈ। ਲੋੜ ਮੁਤਾਬਕ ਹਵਾ ਰੋਧੀ ਪਰਦੇ ਵੀ ਵਰਤੇ ਜਾ ਸਕਦੇ ਹਨ। ਗਰਮੀ ਦੀ ਰੁੱਤ ਵਿੱਚ ਸ਼ੈੱਡ ਵਿਚ ਤਾਜ਼ੀ ਹਵਾ ਆਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਆਪਣੇ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਸਾਰੇ ਹੀ ਟੀਕੇ ਲਗਵਾਉਣੇ ਚਾਹੀਦੇ ਹਨ।    

Share and Enjoy !

Shares

Leave a Reply

Your email address will not be published.