Batala News # ਓਮੀਕਰੋਨ ਵੈਰੀਏਂਟ ਤੋਂ ਘਬਰਾਉਣ ਦੀ ਲੋੜ ਨਹੀਂ ਪਰ ਇਹਤਿਆਤ ਲਾਜ਼ਮੀ – ਡਾ. ਹਰਪਾਲ ਸਿੰਘ

बटाला

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)

ਕੋਵਿਡ-19 ਦੇ ਨਵੇਂ ਵੇਰੀਏਂਟ ਓਮੀਕਰੋਨ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਇਹਤਿਆਤ ਜ਼ਰੂਰੀ ਹੈ ਤਾਂ ਜੋ ਇਸਦੇ ਫੈਲਾਅ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਇਹ ਪ੍ਰਗਟਾਵਾ ਕਰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਹਰਪਾਲ ਸਿੰਘ ਨੇ ਕਿਹਾ ਕਿ ਜਿਵੇਂ ਅਸੀਂ ਕੋਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਦਾ ਟਾਕਰਾ ਪੂਰੀ ਸਾਵਧਾਨੀ ਵਰਤ ਕੇ ਕੀਤਾ ਸੀ ਓਵੇਂ ਹੀ ਇੱਕ ਵਾਰ ਫਿਰ ਸਾਵਧਾਨੀ ਵਰਤਣ ਦੀ ਲੋੜ ਹੈ। ਡਾ. ਹਰਪਾਲ ਸਿੰਘ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਅਜੇ ਤੱਕ ਕੋਵਿਡ ਵੈਕਸੀਨ ਨਹੀਂ ਲਗਵਾਈ ਉਨ੍ਹਾਂ ਨੂੰ ਇਹ ਜਰੂਰ ਲਗਵਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਲਗਾਉਣ ਲਈ ਸਿਵਲ ਹਸਪਤਾਲ ਬਟਾਲਾ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਡਾ. ਹਰਪਾਲ ਸਿੰਘ ਨੇ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਹਰ ਕਿਸੇ ਨੂੰ ਮਾਸਕ ਲਗਾਉਣਾ ਜਰੂਰੀ ਹੈ। ਬਾਰ-ਬਾਰ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖੰਗ, ਜੁਕਾਮ ਜਾਂ ਬੁਖਾਰ ਹੋਵੇ ਤਾਂ ਆਪਣੇ ਨੂੰ ਇਕਾਂਤਵਾਸ ਕਰਦੇ ਹੋਏ ਬਿਨ੍ਹਾਂ ਕਿਸੇ ਦੇਰੀ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਵਧਾਨੀ ਨਾਲ ਜਿਥੇ ਅਸੀਂ ਖੁਦ ਕੋਰੋਨਾ ਅਤੇ ਉਸਦੇ ਨਵੇਂ ਵੈਰੀਏਂਟ ਓਮੀਕਰੋਨ ਤੋਂ ਬਚ ਸਕਦੇ ਹਾਂ ਓਥੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਤੋਂ ਬਚਾਅ ਸਕਦੇ ਹਾਂ।

Share and Enjoy !

Shares

Leave a Reply

Your email address will not be published.