ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਜੇਲ੍ਹ ਵਿਚ ਸ਼ਹੀਦ ਹੋਏ ਉਘੇ ਸਮਾਜ ਸੇਵੀ ਅਤੇ ਲੇਖਕ ਫਾਦਰ ਸਟੇਨ ਸੁਆਮੀ ਨੂੰ ਦਿੱਤੀ ਸ਼ਰਧਾਂਜਲੀ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਹਕੂਮਤੀ ਹਿਰਾਸਤ ਵਿੱਚ ਸ਼ਹੀਦ ਕੀਤੇ ਗਏ ਉੱਘੇ ਬਜ਼ੁਰਗ ਬੁੱਧੀਜੀਵੀ ਫਾਾਦਰ ਸਟੇਨ ਸੁਆਮੀ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਇਕਾਈ ਵਲੋਂ ਮੋਦੀ ਹਕੂਮਤ ਦੀ ਜ਼ੁਬਾਨਬੰਦੀ ਅਤੇ ਬਦਲਾਖੋਰੀ ਦੀ ਨੀਤੀ  ਦੀ ਨਿੰਦਾ  ਕੀਤੀ ਅਤੇ ਲੋਕਾਂ ਨੂੰ ਇਕੱਠੇ ਹੋ ਕੇ  ਆਪਣੇ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਸੱਦਾ ਦਿੱਤਾ ਗਿਆ। ਅੱਜ  ਸਭਾ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਡਾਕਟਰ ਜਗਜੀਵਨ  ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ  ਦੀ ਜਾਣਕਾਰੀ ਦਿੰਦਿਆਂ ਅਸ਼ਵਨੀ ਕੁਮਾਰ ਜਿਲ੍ਹਾ ਸੱਕਤਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਝਾਰਖੰਡ ਸੂਬੇ ਦੇ ਆਦਿਵਾਸੀ ਇਲਾਕਿਆਂ ਵਿਚ ਜਲ , ਜੰਗਲ ਅਤੇ ਜ਼ਮੀਨ ਦੀ ਰਾਖੀ ਲਈ ਆਦਿਵਾਸੀ ਕਬੀਲਿਆਂ ਨੂੰ ਉਨ੍ਹਾਂ ਦੇ ਜਮਹੂਰੀ ਹੱਕਾਂ ਲਈ ਚੇਤੰਨ ਕਰਨ ਵਾਲੇ 80 ਸਾਲਾਂ ਬਜ਼ੁਰਗ ਸਮਾਜਿਕ ਕਾਰਕੁੰਨ  ਫਾਦਰ ਸਟੇਨ ਸੁਆਮੀ ਨੂੰ ਦੇਸ਼ ਧ੍ਰੋਹ ਦੇ ਝੂਠੇ ਮੁੱਕਦਮੇ ਵਿਚ ਨਾਮਜ਼ਦ ਕਰ ਕੇ ਜੇਲ੍ਹ ਵਿਚ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਯਾਦ ਵਿੱਚ ਦੇਸ਼ ਭਰ ਵਿੱਚ ਮੋਦੀ ਸਰਕਾਰ ਦੀ ਫਾਸ਼ੀਵਾਦੀ ਨੀਤੀਆਂ ਦਾ ਵਿਰੋਧ ਕਰਨ ਲਈ ਵੱਖ-ਵੱਖ ਢੰਗਾਂ ਨਾਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਕੇਂਦਰੀ ਹਕੂਮਤ ਵਲੋਂ ਵਿਰੋਧ ਦੀ ਆਵਾਜ਼ ਨੂੰ ਬੰਦ ਕਰਨ ਲਈ ਹਰ ਹਰਬੇ ਵਰਤ ਕੇ ਬੁਧੀਜੀਵੀਆਂ, ਪਤਰਕਾਰਾਂ, ਸਮਾਜਿਕ ਕਾਰਕੁੰਨਾ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਵਿਚ ਕਿ ਮਨੁੱਖੀ ਹੱਕਾਂ ਦੀ ਉੱਘੀ ਕਾਰਕੁੰਨ ਤੀਸਤਾ ਸੀਤਲਵਾੜ ਅਤੇ ਆਲਟ ਨਿਊਜ਼ ਮੈਗਜ਼ੀਨ ਦੇ ਸਹਿ ਸੰਪਾਦਕ ਮਹੁੰਮਦ ਜੁਬੈਦ ਨੂੰ ਝੂਠਾ ਕੇਸ ਮੜ੍ਹ ਕੇ ਜੇਲ੍ਹ ਅੰਦਰ ਡੱਕਿਆ ਹੋਇਆ ਹੈ।  ਤੀਸਤਾ ਸੀਤਲਵਾੜ ਦਾ ਕਸੂਰ ਇਹ ਹੈ ਕਿ ਉਸ ਨੇ 2002 ਦੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਵਾਸਤੇ ਕਾਨੂੰਨੀ ਚਾਰਾਜੋਈ ਕੀਤੀ। ਇਨ੍ਹਾਂ ਦੰਗਿਆਂ ਦੌਰਾਨ ਸੈਂਕੜੇ ਜਾਨਾਂ ਜਾਂਦੀਆਂ ਰਹੀਆਂ ਸਨ। ਸੰਜੀਵ ਭੱਟ ਤੇ ਆਰ ਬੀ ਸ੍ਰੀ ਕੁਮਾਰ ਵਰਗੇ ਸੀਨੀਅਰ ਪੁਲਸ ਅਫਸਰਾਂ ਨੇ ਗੁਜਰਾਤ ਦੀ ਤਤਕਲੀਨ ਮੋਦੀ ਸਰਕਾਰ ਤੇ ਫਸਾਦੀਆਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਏ ਸਨ ਅਤੇ ਅਦਾਲਤ ਵਿੱਚ ਗਵਾਹੀਆਂ ਦਿੱਤੀਆਂ ਸਨ। ਤੀਸਤਾ ਸੀਤਲਵਾੜ ਨੇ ਤਾਂ ਬੈਸਟ ਬੇਕਰੀ ਕੇਸ,ਗੁਲਬਰਗ ਸੁਸਾਇਟੀ ਤੇ ਨਰੋਦਾ ਪਾਟੀਆ ਕੇਸ ਵਿਚ ਇਨਸਾਫ ਲੈਣ ਵਿਚ ਸਫਲਤਾ ਹਾਸਲ ਕੀਤੀ ਸੀ ਅਤੇ ਉਸ ਵੇਲੇ ਦੇ ਮੰਤਰੀ ਮਾਇਆ ਕੋਡਨਾਨੀ ਤੇ ਬਾਬੂ ਬਜਰੰਗੀ ਨੂੰ ਉਮਰ ਕੈਦ ਦੀ ਸਜ਼ਾ ਕਰਵਾਈ ਸੀ। ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ਨਾਲ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਕੋਈ ਸਰਕਾਰ ਦੀਆਂ ਨੀਤੀਆਂ ਖਿਲਾਫ ਅਦਾਲਤ ਦਾ ਰੁਖ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।  ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਅਮਰਜੀਤ ਸ਼ਾਸਤਰੀ ਅਤੇ ਇੰਜੀਨੀਅਰ ਰਣਜੀਤ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹੋਰ ਤਾਂ ਹੋਰ ਭਾਰਤ ਦੀ ਨਿਆਂ ਪ੍ਰਣਾਲੀ ਵੀ ਹੁਣ  ਸੁਆਲਾ ਦੇ ਘੇਰੇ ਵਿੱਚ ਆਉਣ ਲੱਗੀ ਹੈ।ਜਿਸ ਦੀ ਮਿਸਾਲ ਹੈ ਕਈ ਸਾਬਕਾ ਤੇ ਮੋਜੂਦਾ ਜੱਜ ਇਸ ਬਾਰੇ ਬੋਲਣ ਲੱਗ ਪਏ ਹਨ ।ਮੀਡੀਆ ਦਾ  ਇਕ ਹਿੱਸਾ ਵੀ ਹਕੂਮਤ ਦਾ ਬੁਲਾਰਾ ਬਣ ਕੇ ਰਹਿ ਗਿਆ ਹੈ।ਜਿਥੇ ਦੁਨੀਆਂ ਭਰ ਵਿੱਚ ਕੇਂਦਰੀ ਸਰਕਾਰ ਦੀ ਭੈ ਦਾ ਮਹੌਲ ਸਿਰਜਣ ਦੀ ਚਾਰੇ ਪਾਸੇ ਤੋਂ ਨਿੰਦਾ ਹੋ ਰਹੀ ਹੈ ਉਥੇ ਜੇਲਾਂ ਵਿੱਚ ਬੰਦ ਬੁਧੀਜੀਵੀਆਂ ਦੀ ਰਿਹਾਈ ਲਈ ਇੱਕਮੁੱਠ ਹੋਣਾ ਸਮੇਂ ਦੀ ਜ਼ਰੂਰਤ ਹੈ। ਸਭਾ ਵੱਲੋਂ ਮੀਟਿੰਗ ਵਿੱਚ  ਪ੍ਰਾਈਵੇਟ ਹਸਪਤਾਲ ਵਿੱਚ ਸਕੂਲ ਅਧਿਆਪਕਾ  ਦੀ ਹੋਈ ਅਚਾਨਕ ਮੌਤ ਦੀ ਨਿਰਪੱਖ ਜਾਂਚ ਪੜਤਾਲ ਦੀ ਮੰਗ ਕੀਤੀ ਹੈ ਅਤੇ ਮੋਤ ਦੇ ਜ਼ਿਮੇਵਾਰ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ । ਸਭਾ ਵੱਲੋਂ ਪਿਛਲੇ ਦਿਨੀਂ ਇਕ ਗੈਰ ਸਮਾਜੀ ਅਨਸਰ ਵੱਲੋਂ ਮਾਸੂਮ ਬੱਚੀ ਨਾਲ ਕੀਤੇ ਜ਼ਬਰ ਜ਼ਿਨਾਹ ਦੀ ਨਿੰਦਾ ਕਰਦਿਆਂ ਕੇਸ ਵਿੱਚ ਨਾਮਜ਼ਦ ਵਿਅਕਤੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮੀਟਿੰਗ ਵਿੱਚ ਜੁਲਾਈ ਮਹੀਨੇ ਤੋਂ ਚਾਰ ਲੇਬਰ ਲਾਅ ਲਾਗੂ ਕਰਕੇ ਕਿਰਤੀ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਬਣਾਉਣ ਵਿਰੁੱਧ ਲੋਕਾਂ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ  ਵਿਦਿਆਰਥੀ ਆਗੂ ਅਮਰ ਕ੍ਰਾਂਤੀ, ਮਾਸਟਰ ਰਵੀ ਸਿੱਧੂ, ਮਾਸਟਰ ਸੁਰਿੰਦਰ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਗੁਰਦਿਆਲ ਸਿੰਘ ਬਾਲਾ ਪਿੰਡੀ , ਉਮ ਸ਼ਰਮਾ ਅਤੇ ਜੋਗਿੰਦਰ ਪਾਲ ਪਨਿਆੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Share and Enjoy !

Shares

Leave a Reply

Your email address will not be published.