ਭਗਵੰਤ ਮਾਨ ਨੇ ਕੇਜਰੀਵਾਲ ਵੱਲੋੰ ਮੁਫਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ, ਗੁਰਦਾਸਪੁਰ ‘ਚ ਢੋਲ ਦੀ ਤਾਲ ‘ਤੇ ਭੰਗੜਾ ਪਾ ਕੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਸਕੀਮ ਲਾਗੂ ਕਰਨ ਦਾ ਕੀਤਾ ਸਵਾਗਤ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਮੁੱਖ ਮੰਤਰੀ ਬਣਨ ਤੋਂ ਇੱਕ ਮਹੀਨੇ ਬਾਅਦ ਹੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਖੁਸ਼ੀ ਵਿੱਚ ਅੱਜ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆੰ ਦਾ ਮੇਲਾ ਲੱਗਾ ਰਿਹਾ। ਸ੍ਰੀ ਬਹਿਲ ਨੂੰ ਵਧਾਈ ਦੇਣ ਲਈ ਪੁੱਜੇ ਵਰਕਰਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਮੁੱਖ ਮੰਤਰੀ ਦੇ 1 ਜੁਲਾਈ ਤੋਂ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਨੂੰ ਲਾਗੂ ਕਰਨ ਦੇ ਐਲਾਨ ਦਾ ਸਵਾਗਤ ਕੀਤਾ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਮੰਨੀ ਜਾਂਦੀ ਹੈ ਕਿਉਂਕਿ ਉਹ ਚੋਣ ਵਾਅਦਿਆਂ ਦੀ ਬਿਆਨਬਾਜ਼ੀ ਨੂੰ ਪ੍ਰਵਾਨ ਨਹੀਂ ਕਰਦੀ ਸਗੋਂ ਵਾਅਦੇ ਦੀ ਥਾਂ ਗਾਰੰਟੀ ਸ਼ਬਦ ਦੀ ਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਲਈ ਵੱਡੀ ਰਾਹਤ ਦੀ ਗੱਲ ਹੈ ਅਤੇ ਪੰਜਾਬ ਇਸ ਤੋਂ ਬਾਅਦ ਸਾਰੀਆਂ ਗਾਰੰਟੀਆਂ ਪੂਰੀਆਂ ਕਰਨ ਦਾ ਭਰੋਸਾ ਰੱਖਦਾ ਹੈ। ਸ੍ਰੀ ਬਹਿਲ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਨਵਾਂ ਯੁੱਗ ਪਰਤਿਆ ਹੈ। 25,000 ਨਵੀਆਂ ਨੌਕਰੀਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਵੱਡੇ ਪੱਧਰ ‘ਤੇ ਯੋਜਨਾਬੰਦੀ ਕੀਤੀ ਜਾ ਰਹੀ ਹੈ। ਸ੍ਰੀ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਬਾਗਬਾਨੀ ਦੀ ਵੱਡੀ ਸੰਭਾਵਨਾ ਹੋਣ ਕਾਰਨ ਇਸ ਸੀਮਾਂਤ ਜ਼ਿਲ੍ਹੇ ਵਿੱਚ ਖੇਤੀ ਅਧਾਰਤ ਉਦਯੋਗ ਸਥਾਪਤ ਕਰਨ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ, ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ।

Share and Enjoy !

Shares

Leave a Reply

Your email address will not be published.