ਸੜਕਾਂ ਦੀ ਉਸਾਰੀ ਲਈ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਮੁਆਵਜਾ ਵਧਾਉਣ ਲਈ ਰੋਡ ਸੰਘਰਸ਼ ਕਮੇਟੀ ਵਲੋਂ ਡੀ ਸੀ ਦਫਤਰ ਅੱਗੇ ਵਿਸ਼ਾਲ ਰੈਲੀ

Breaking News ताज़ा दुनिया पंजाब राजनीति राष्ट्रीय

ਰਾਵੀ ਨਿਊਜ ਐਸ.ਏ.ਐਸ ਨਗਰ

ਗੁਰਵਿੰਦਰ ਸਿੰਘ ਮੋਹਾਲੀ

ਕਿਸਾਨ ਆਗੂਆਂ ਅਤੇ ਰੋਡ ਸੰਘਰਸ਼ ਕਮੇਟੀ ਵਲੋਂ ਮੁਹਾਲੀ ਦੇ ਡੀ ਸੀ ਆਫਿਸ ਦੇ ਬਾਹਰ ਸਰਕਾਰ ਵਲੋਂ ਹਾਈਵੇਅ ਅਤੇ ਹੋਰ ਸੜਕਾਂ ਬਣਾਉਣ ਲਈ ਅਕਵਾਇਰ ਕੀਤੀ ਗਈ ਜਮੀਨ ਦਾ ਘੱਟ ਮੁਆਵਜਾ ਦੇਣ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਰੋਸ ਮੁਜਾਹਰਾ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰ੍ਹੇਬਾਜੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਕਿਸਾਨਾਂ ਦੀ ਅਕਵਾਇਰ ਕੀਤੀ ਜਾ ਰਹੀ ਜਮੀਨ ਦਾ ਮੁਆਵਜਾ ਜਮੀਨ ਦੀ ਬਾਜਾਰ ਕੀਮਤ ਦੇ ਅਨੁਸਾਰ ਤੈਅ ਕੀਤਾ ਜਾਵੇ।

ਰੋਸ ਰੈਲੀ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਟੈ੍ਰਕਟਰ ਟਰਾਲੀਆਂ ਲੈ ਕੇ ਸ਼ਾਮਲ ਹੋਏ। ਰੈਲੀ ਵਾਲੀ ਥਾਂ ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਸਵੇਰੇ ਤੋਂ ਹੀ ਕਿਸਾਨ ਟ੍ਰੈਕਟਰ ਟਰਾਲੀਆਂ ਰਾਹੀਂ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ 10 ਵਜੇ ਤਕ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦਾ ਵੱਡਾ ਇਕੱਠ ਹੋ ਗਿਆ ਸੀ। ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਸ਼ਾਂਮਿਲ ਹੋਏ। ਰੈਲੀ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਕਿਸਾਨਾਂ ਨੇ ਆਪਣੇ ਵਾਹਨਾਂ ਉਪਰ ਕਿਸਾਨੀ ਝੰਡੇ ਲਗਾਏ ਹੋਏ ਸਨ ਅਤੇ ਉਹ ਨਾਹਰ੍ਹੇਬਾਜੀ ਕਰਦੇ ਹੋਏ ਰੈਲੀ ਵਿੱਚ ਸ਼ਾਮਲ ਹੋ ਰਹੇ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਹਾਈਵੇਜ ਅਤੇ ਹੋਰ ਸੜਕਾਂ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਪਰ ਇਹਨਾਂ ਜਮੀਨਾਂ ਦੇ ਬਦਲੇ ਕਿਸਾਨਾਂ ਨੂੰ ਜੋ ਮੁਆਵਜਾ ਦਿਤਾ ਜਾ ਰਿਹਾ ਹੈ, ਉਹ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਜਮੀਨਾਂ ਦਾ ਮੁਆਵਜਾਂ ਸਰਕਾਰ ਵਲੋਂ ਮਾਰਕੀਟ ਦੇ ਰੇਟ ਅਨੁੁਸਾਰ ਦਿਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਮੁਆਵਜੇ ਬਾਰੇ ਮੰਗ ਉਠਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਵਲੋਂ ਹਮੇਸ਼ਾਂ ਆਮ ਕਿਸਾਨਾਂ ਦੀਅ ਜਮੀਨਾਂ ਅਕਵਾਇਰ ਕੀਤੀਆਂ ਜਾਂਦੀਆਂ ਹਨ ਪਰ ਅੱਜ ਤਕ ਕਿਸੇ ਵੀ ਰਾਜਸੀ ਆਗੂ ਦੀ ਕੋਈ ਜਮੀਨ ਅਕਵਾਇਰ ਨਹੀਂ ਕੀਤੀ ਗਈ, ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰ ਨੇ ਜਦੋਂ ਵੀ ਕੋਈ ਸੜਕ ਦਾ ਨਿਰਮਾਣ ਕਰਨਾ ਹੁੰਦਾ ਹੈ ਤਾਂ ਉਸਦੇ ਰੋਡ ਮੈਪ ਸੜਕ ਬਣਨ ਤੋਂ ਪਹਿਲਾਂ ਅਤੇ ਜਮੀਨ ਅਕਵਾਇਰ ਹੋਣ ਤੋਂ ਪਹਿਲਾਂ ਹੀ ਰਾਜਸੀ ਪਾਰਟੀਆਂ ਦੇ ਘਰਾਂ ਵਿਚ ਪਹੁੰਚ ਜਾਂਦੇ ਹਨ ਜਿਸ ਕਰਕੇ ਉਹ ਆਪਣੀ ਰਾਜਸੀ ਸ਼ਕਤੀ ਨਾਲ ਆਪਣੀਆਂ ਜਮੀਨਾਂ ਬਚਾ ਲੈਂਦੇ ਹਨ ਅਤੇ ਆਮ ਕਿਸਾਨਾਂ ਦੀਆਂ ਜਮੀਨਾਂ ਸਰਕਾਰ ਵਲੋਂ ਅਕਵਾਇਰ ਕਰ ਲਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਨੂੰ ਅਕਵਾਇਰ ਕੀਤੀਆਂ ਉਹਨਾਂ ਦੀਆਂ ਜਮੀਨਾਂ ਦਾ ਉਚਿਤ ਮੁਆਵਜਾ ਨਹੀਂ ਦਿਤਾ ਜਾਂਦਾ, ਉਦੋਂ ਤਕ ਉਹ ਕਿਸੇ ਨੂੰ ਵੀ ਆਪਣੀਆਂ ਜਮੀਨਾਂ ਅਕਵਾਇਰ ਨਹੀਂ ਕਰਨ ਦੇਣਗੇ ਅਤੇ ਜਮੀਨ ਅਕਵਾਇਰ ਕਰਨ ਲਈ ਜੋ ਵੀ ਆਵੇਗਾ, ਕਿਸਾਨ ਉਸਦਾ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਕਿਸਾਨਾਂ ਦੀ ਅਕਵਾਇਰ ਕੀਤੀ ਜਮੀਨ ਦੀ ਕੀਮਤ ਕਰੋੜਾਂ ਰੁਪਏ ਵਿਚ ਹੈ, ਪਰ ਸਰਕਾਰ ਵਲੋਂ ਇਸ ਜਮੀਨ ਦਾ ਬਹੁਤ ਘੱਟ ਮੁਆਵਜਾ ਦਿਤਾ ਜਾ ਰਿਹਾ ਹੈ, ਜੋ ਕਿਸਾਨਾਂ ਨੂੰ ਮਨਜੂਰ ਨਹੀਂ ਹੈ ਅਤੇ ਸਰਕਾਰ ਵਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਸੋਨੀਆ ਮਾਨ, ਡਾ. ਕਰਮਜੀਤ ਸਿੰਘ ਚਿੱਲਾ, ਧਰਮਪਾਲ ਸਿੰਘ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਅਵਤਾਰ ਸਿੰਘ ਮਨੌਲੀ ਸੂਰਤ, ਰੋਡ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਢਿਲੋਂ, ਕੁਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ, ਮੁਹਾਲੀ ਕੁਆਰਡੀਨੇਟਰ ਗੁਰਦਿਆਲ ਸਿੰਘ ਬੁੱਟਰ, ਜਿਲਾ ਪ੍ਰਧਾਨ ਗੁਰਦੀਪ ਸਿੰਘ ਝਿੰਗੜਾ, ਡੇਰਾਬੱਸੀ ਪ੍ਰਧਾਨ ਬਲਜਿੰਦਰ ਸਿੰਘ ਸੇਖੂਪੁਰਾ,ਰਤਨ ਸਿੰਘ ਅਮਲਾਲਾ, ਰਣਵੀਰ ਸਿੰਘ ਗੋਬਿੰਦਗੜ੍ਹ ਨੇ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ ਅਤੇ ਹੋਰ ਆਗੂ ਮੌਜੂਦ ਸਨ।

ਰੋਸ ਰੈਲੀ ਦੌਰਾਨ ਖਾਸ ਗੱਲ ਇਹ ਰਹੀ ਕਿ ਕਿਸਾਨਾਂ ਵਲੋਂ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਉਪਰ ਨਹੀਂ ਚੜ੍ਹਨ ਦਿੱਤਾ ਗਿਆ ਅਤੇ ਰੈਲੀ ਵਿਚ ਸ਼ਾਮਲ ਹੋਏ ਸਿਆਸੀ ਆਗੂ ਆਮ ਕਿਸਾਨਾਂ ਵਾਂਗ ਰੈਲੀ ਵਿਚ ੪ਾਮਿਲ ਹੋਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਨਮੋਲ ਗਗਨ ਮਾਨ, ਗੁਰਤੇਜ ਪੰਨੂੰ, ਡਾ. ਆਹਲੂਵਾਲੀਆ ਅਤੇ ਹੋਰ ਸਿਆਸੀ ਆਗੂਆਂ ਨੇ ਹਾਜਰੀ ਲਗਵਾਈ।

ਦੂਜੇ ਪਾਸੇ ਕਿਸਾਨਾਂ ਦੀ ਰੈਲੀ ਕਾਰਨ ਆਮ ਲੋਕਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪਿਆ। ਇਸ ਰੈਲੀ ਵਿਚ ਸ਼ਾਮਲ ਕਿਸਾਨਾਂ ਦੀ ਵੱਡੀ ਗਿਣਤੀ ਕਾਰਨ ਸੋਹਾਣਾ ਅਤੇ ਨੇੜਲੇ ਪਿੰਡਾਂ ਵਿਚ ਜਾਮ ਵਰਗੀ ਸਥਿਤੀ ਬਣੀ ਰਹੀ ਅਤੇ ਪੁਲੀਸ ਵਲੋਂ ਟ੍ਰੈਫਿਕ ਨੂੰ ਬਦਲਵੇਂ ਰਾਹ ਰਾਈ ਭੇਜਿਆ ਗਿਆ। ਰੈਲੀ ਕਾਰਨ ਵੱਡੀ ਗਿਣਤੀ ਮੁਲਾਜਮ ਅਤੇ ਪ੍ਰਾਈਵੇਟ ਵਰਕਰ ਆਪਣੀਆਂ ਡਿਊਟੀਆਂ ਉਪਰ ਜਾਣ ਲਈ ਲੇਟ ਹੋ ਗਏ। ਬਾਅਦ ਵਿਚ ਆਵਾਜਾਈ ਆਮ ਵਾਂਗ ਬਹਾਲ ਕਰ ਦਿਤੀ ਗਈ।

ਖਬਰ ਲਿਖੇ ਜਾਣ ਤਕ ਮੁਹਾਲੀ ਦੇ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਦੇ ਪੰਜ ਆਗੂਆਂ ਨੂੰ ਮੀਟਿੰਗ ਲਈ ਬੁਲਾ ਲਿਆ ਗਿਆ ਸੀ ਅਤੇ ਇਹ ਮੀਟਿੰਗ ਜਾਰੀ ਸੀ।

Leave a Reply

Your email address will not be published. Required fields are marked *