ਸਕੱਤਰ ਮੰਡੀ ਬੋਰਡ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲਿਆਂ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦਾ ਲਿਆ ਜਾਇਜ਼ਾ, ਜੰਡਿਆਲਾ ਗੁਰੂ, ਭਗਤਾਂਵਾਲਾ, ਖਡੂਰ ਸਾਹਿਬ ਅਤੇ ਤਰਨ ਤਾਰਨ ਮੰਡੀਆਂ ਦਾ ਕੀਤਾ ਦੌਰਾ

ताज़ा पंजाब

ਰਾਵੀ ਨਿਊਜ ਚੰਡੀਗੜ (ਗੁਰਵਿੰਦਰ ਸਿੰਘ ਮੋਹਾਲੀ)

ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਨੇ ਅੱਜ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲਿਆਂ ਦੀਆਂ ਮੰਡੀਆਂ ਦਾ ਦੌਰਾ ਕੀਤਾ। ਆਪਣੀ ਫੇਰੀ ਦੌਰਾਨ, ਉਨਾਂ ਕਿਸਾਨਾਂ ਅਤੇ ਹੋਰ ਭਾਈਵਾਲਾਂ ਨਾਲ ਗੱਲਬਾਤ ਕੀਤੀ ਤਾਂ ਜੋ ਖਰੀਦ ਨਾਲ ਜੁੜੇ ਉਨਾਂ ਦੇ ਮੁੱਦਿਆਂ ਬਾਰੇ ਜਾਣਕਾਰੀ ਲਈ ਜਾ ਸਕੇ। 

ਜੰਡਿਆਲਾ ਗੁਰੂ, ਭਗਤਾਂਵਾਲਾ, ਖਡੂਰ ਸਾਹਿਬ ਅਤੇ ਤਰਨਤਾਰਨ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਨਿਰੀਖਣ ਕਰਨ ਤੋਂ ਬਾਅਦ ਸ੍ਰੀ ਭਗਤ ਨੇ ਕਿਹਾ ਕਿ ਚੱਲ ਰਹੇ ਸਾਉਣੀ ਮੰਡੀਕਰਨ ਸੀਜ਼ਨ ਦੌਰਾਨ ਸੂਬੇ ਵਿੱਚ 170 ਐਲ.ਐਮ.ਟੀ. ਝੋਨੇ ਦੀ ਖਰੀਦ ਦਾ ਟੀਚਾ ਹੈ। ਉਨਾਂ ਇਹ ਵੀ ਦੱਸਿਆ ਕਿ ਮੌਜੂਦਾ ਸਾਉਣੀ ਸੀਜਨ ਵਿੱਚ, ਰਾਜ ਦੀਆਂ ਮੰਡੀਆਂ ਵਿੱਚ ਹੁਣ ਤੱਕ 3.97 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਸੂਬੇ ਭਰ ਵਿੱਚ 3.52 ਲੱਖ ਮੀਟਿ੍ਰਕ ਟਨ ਦੀ ਖਰੀਦ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲ ਦੌਰਾਨ 13.45 ਲੱਖ ਮੀਟਿ੍ਰਕ ਟਨ ਦੀ ਆਮਦ ਹੋਈ ਸੀ। ਉਨਾਂ ਅੱਗੇ ਕਿਹਾ ਕਿ ਖਰੀਦ ਕਾਰਜ ਨਵੰਬਰ ਦੇ ਅੰਤ ਤੱਕ ਜਾਰੀ ਰਹਿਣਗੇ।

ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨਾਂ ਦੀ ਉਪਜ ਦੀ ਸੁਚੱਜੀ ਤੇ ਨਿਰਵਿਘਨ ਖਰੀਦ ਅਤੇ ਚੁਕਾਈ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਲਈ ਨਿਰਧਾਰਤ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੰਦੇ ਹੋਏ ਸਕੱਤਰ ਮੰਡੀ ਬੋਰਡ ਨੇ ਕਿਸਾਨਾਂ ਨੂੰ ਭਾਰਤ ਸਰਕਾਰ ਦੁਆਰਾ  ਨਿਰਧਾਰਤ ਕੀਤੀ ਨਮੀ ਦੀ ਮਾਤਰਾ ਮੁਤਾਬਕ ਹੀ ਆਪਣੀ ਉਪਜ ਲਿਆਉਣ ਦੀ ਅਪੀਲ ਕੀਤੀ। 

ਇਸ ਦੌਰਾਨ ਸ੍ਰੀ ਭਗਤ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਅਤੇ ਇਸ ਦੀ ਬਜਾਏ ਝੋਨੇ ਦੀ ਪਰਾਲੀ ਦੇ ਖੇਤ ਅੰਦਰ ਅਤੇ ਖੇਤ ਤੋਂ ਬਾਹਰ ਪ੍ਰਬੰਧਨ ਕਰਨ ਲਈ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ। ਸ੍ਰੀ ਭਗਤ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਖਰੀਦ ਕਾਰਜਾਂ ਨਾਲ ਸੰਬੰਧਤ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਮੰਡੀ ਬੋਰਡ ਹੈੱਡਕੁਆਰਟਰ, ਮੋਹਾਲੀ ਵਿਖੇ ਆਪਣੀਆਂ ਸੰਬੰਧਤ ਮਾਰਕੀਟ ਕਮੇਟੀਆਂ ਅਤੇ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ। ਉਨਾਂ ਜਿਲਾ ਮੰਡੀ ਦੇ ਅਧਿਕਾਰੀਆਂ ਤੋਂ ਇਲਾਵਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਅਧਿਕਾਰੀਆਂ ਨਾਲ ਚੱਲ ਰਹੀ ਖਰੀਦ ਦੀ ਸਮੀਖਿਆ ਵੀ ਕੀਤੀ।

Leave a Reply

Your email address will not be published. Required fields are marked *