ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੁਰੱਖਿਅਤ ਰੱਖਣ ਲਈ ਵੱਧ ਚੜ੍ਹ ਕੇ ਟੀਕਾਕਰਣ ਕਰਵਾਉਣ- ਐੱਸ.ਡੀ.ਐਮ. ਬਲਵਿੰਦਰ ਸਿੰਘ

चुनाव अखाड़ा 2022

ਰਾਵੀ ਨਿਊਜ ਗੁਰਦਾਸਪੁਰ

ਕੋਵਿਡ-19 ਵੈਕਸੀਨੇਸ਼ਨ ਤੇ ਪੋਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਦੇਸ਼ ਭਰ ਵਿੱਚ ਜਾਗਰੂਕਤਾ ਅਭਿਆਨ ਦਾ ਵੱਡੇ ਪੱਧਰ ‘ਤੇ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵੱਲੋਂ ਗੁਰਦਾਸਪੁਰ ਵਿਚ ਦੋ ਦਿਨਾਂ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਤਹਿਤ ਭਿਖਾਰੀਵਾਲ ਦੇ ਸਰਕਾਰੀ ਆਦਰਸ਼ ਸਕੂਲ ਵਿੱਚ ਮੁਫ਼ਤ ਟੀਕਾਕਰਣ ਕੈਂਪ ਦੇ ਨਾਲ – ਨਾਲ ਪੋਸ਼ਣ ਮਾਹ ਵੀ ਮਨਾਇਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਐੱਸ.ਡੀ.ਐਮ.ਗੁਰਦਾਸਪੁਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ। ਬਲਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੁਰੱਖਿਅਤ ਰੱਖਣ ਲਈ ਵੱਧ ਚੜ੍ਹ ਕੇ ਟੀਕਾਕਰਣ ਕਰਵਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਸੰਤੁਲਿਤ ਭੋਜਨ ਲੈਣ ਦੀ ਸਲਾਹ ਦਿੱਤੀ।

ਇਸ ਮੌਕੇ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫਸਰ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਵੱਲੋਂ 21 ਜੂਨ ਨੂੰ ਪੂਰੇ ਦੇਸ਼ ਵਿੱਚ ਮੁਫ਼ਤ ਟੀਕਾਕਰਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਇਹ ਅਭਿਆਨ ਮੁੱਢਲੇ ਪੱਧਰ ਉੱਤੇ ਚਲਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਪੋਸ਼ਣ ਅਭਿਆਨ ਵੀ ਕੇਂਦਰ ਸਰਕਾਰ ਦੀ ਇੱਕ ਮਹੱਤਵਪੂਰਣ ਯੋਜਨਾ ਹੈ, ਜਿਸਨੂੰ ਦੇਸ਼ਭਰ ਵਿਚ ਵੱਖੋ ਵੱਖ ਥਾਵਾਂ ਉੱਤੇ ਮਨਾਇਆ ਜਾ ਰਿਹਾ ਹੈ।

ਡੀ.ਆਈ.ਓ. ਅਰਵਿੰਦ ਮਨਚੰਦਾ ਨੇ ਕਿਹਾ ਕਿ ਵੱਧ ਤੋਂ ਵੱਧ ਹੱਥ ਸਾਫ ਰੱਖ ਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਾਲ ਕੁਝ ਹੋਰ ਸਾਵਧਾਨੀਆਂ ਵਰਤ ਕੇ ਕੋਵਿਡ 19 ਤੋਂ ਬਚਿਆ ਜਾ ਸਕਦਾ ਹੈ। ਐੱਸ.ਐਮ.ਓ. ਲਖਵਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਜ਼ਿਲੇ ਵਿੱਚ ਜੰਗੀ ਪੱਧਰ ਉੱਤੇ ਮੁਫ਼ਤ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਮੌਕੇ ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਨੇ ਕਿਹਾ ਕਿ ਗਰਭਵਤੀ ਮਹਿਲਾ ਦੇ ਗਰਭ ਧਾਰਨ ਕਰਨ ਤੋਂ ਬਾਅਦ ਪਹਿਲੇ ਕੁੱਝ ਮਹੀਨੇ ਬਹੁਤ ਮਹੱਤਵਪੂਰਨ ਹੁੰਦੇ ਨੇ, ਇਸ ਕਰਕੇ ਪੌਸ਼ਟਿਕ ਖੁਰਾਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਹਰ ਵਿਅਕਤੀ ਸੰਤੁਲਿਤ ਭੋਜਨ ਵੱਲ ਧਿਆਨ ਦੇਵੇ ਤਾਂ ਸਿਹਤਮੰਦ ਦੇਸ਼ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉੱਥੇ ਹੀ ਸੀ.ਡੀ.ਪੀ.ਓ. ਕਮਲਜੀਤ ਕੌਰ ਨੇ ਵੀ ਲੋਕਾਂ ਨੂੰ ਪੋਸ਼ਣ ਬਾਰੇ ਜਾਗਰੂਕ ਕੀਤਾ।

ਉੱਥੇ ਹੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕਲਾਕਾਰਾਂ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਫੋਰਮੈਂਸ ਰਾਹੀਂ ਜਾਗਰੂਕ ਕੀਤਾ। ਕਲਾਕਾਰਾਂ ਵੱਲੋਂ ਦਿੱਤੀ ਗਈ ਪੇਸ਼ਕਾਰੀ ਦੀ ਬੱਚਿਆਂ ਵਲੋਂ ਜੰਮ ਕੇ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਦੌਰਾਨ ਸਾਰੇ ਮਹਿਮਾਨਾਂ ਅਤੇ ਵੱਖੋਂ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਐਨ.ਸੀ.ਸੀ. ਦੀ 7 ਪੰਜਾਬ ਬਟਾਲੀਅਨ ਵਲੋਂ ਸ਼ਿਰਕਤ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।

ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਦਾ ਮਕਸਦ ਦੇਸ਼ ਦੇ ਹਰ ਨਾਗਰਿਕ ਵਿਚ ਮੁਫ਼ਤ ਟੀਕਾਕਰਣ ਅਤੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਉਣਾ ਹੈ। ਹਾਲਾਂਕਿ ਗੁਰਦਾਸਪੁਰ ਵਿਚ ਇਹ ਅਭਿਆਨ ਦੋ ਦਿਨਾਂ ਲਈ ਚਲਾਇਆ ਗਿਆ, ਪਰ ਦੇਸ਼ ਭਰ ਵਿਚ ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਸ ਬਿਮਾਰੀ ‘ਤੇ ਪੂਰੀ ਤਰ੍ਹਾਂ ਠੱਲ ਨਹੀਂ ਪਾਈ ਜਾਂਦੀ।

Share and Enjoy !

Shares

Leave a Reply

Your email address will not be published.