ਮੁੋਹਾਲੀ ਨਗਰ ਨਿਗਮ ਅਧੀਨ ਆਉਂਦੀਆਂ ਸਾਰੀਆਂ ਬਿਲਡਿੰਗਾਂ ਅਤੇ ਜ਼ਮੀਨਾਂ ਵਿੱਚ ਬਰਸਾਤੀ ਪਾਣੀ ਦੇ ਬਚਾਅ ਲਈ ਕੀਤੇ ਜਾਣਗੇ ਉਪਰਾਲੇ : ਡਿਪਟੀ ਮੇਅਰ ਬੇਦੀ

एस.ए.एस नगर

ਰਾਵੀ ਨਿਊਜ ਮੋਹਾਲੀ (ਗੁਰਵਿੰਦਰ ਸਿੰਘ ਮੋਹਾਲੀ)

ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਰੇਨ ਵਾਟਰ ਹਾਰਵੈਸਟਿੰਗ ਲਈ ਨਗਰ ਨਿਗਮ ਅਧੀਨ ਆਉਂਦੀਆਂ ਸਰਕਾਰੀ ਇਮਾਰਤਾਂ ਵਾਸਤੇ  27 ਲੱਖ ਰੁਪਏ ਦੀ ਅਪਰੂਵਲ ਦੇ ਦਿੱਤੀ ਗਈ  ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੋਹਾਲੀ ਨਗਰ ਨਿਗਮ ਦਾ ਇੱਕ ਜ਼ਰੂਰੀ ਅਤੇ ਮਹੱਤਵਪੂਰਨ  ਉਪਰਾਲਾ ਹੈ ਜਿਸ ਰਾਹੀਂ ਬਰਸਾਤਾਂ ਦਾ ਪਾਣੀ ਧਰਤੀ ਹੇਠ ਭੇਜ ਕੇ ਅੰਡਰਗਰਾਊਂਡ ਪਾਣੀ ਨੂੰ ਰੀਚਾਰਜ ਕੀਤਾ ਜਾਵੇਗਾ। ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਮੌਜੂਦਾ ਸਮੇਂ ਬਰਸਾਤੀ ਪਾਣੀ ਡਰੇਨਾਂ ਰਾਹੀਂ ਨਾਲਿਆਂ ਵਿਚ ਜਾਂਦਾ ਹੈ ਅਤੇ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾਂਦਾ ਜਾ ਰਿਹਾ ਹੈ ਅਤੇ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਨ ਵਾਟਰ ਹਾਰਵੈਸਟਿੰਗ ਰਾਹੀਂ ਇਸ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ ਅਤੇ ਅੰਡਰ ਗਰਾਊਂਡ ਵਾਟਰ ਲੈਵਲ ਵੀ ਵਾਪਸ ਉੱਚਾ ਹੋਣ ਲੱਗ ਜਾਵੇਗਾ। 

ਉਨ੍ਹਾਂ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਦਿੱਤੀ ਗਈ ਅਪਰੂਵਲ ਅਨੁਸਾਰ ਮੁਹਾਲੀ ਦੇ ਪੁਰਾਣੇ ਫਾਇਰ ਬ੍ਰਿਗੇਡ ਅਤੇ ਨਵੀਂ ਫਾਇਰ ਬ੍ਰਿਗੇਡ ਦੀ ਬਣ ਰਹੀ ਬਿਲਡਿੰਗ ਤੇ ਮਿਉਂਸਪਲ ਕੰਪਲੈਕਸ ਫੇਜ਼-5 ਵਿਖੇ ਰੇਨਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਵਾਸਤੇ 27 ਲੱਖ ਰੁਪਏ ਦੀ ਰਕਮ ਰੱਖੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਬਿਲਡਿੰਗਾਂ ਵਿੱਚੋਂ ਪਾਈਪਾਂ ਰਾਹੀਂ ਪਾਣੀ ਗਰਾਊਂਡ ਤਕ ਲਿਆਂਦਾ ਜਾਵੇਗਾ ਅਤੇ ਉਥੇ ਡੂੰਘਾ ਟੋਆ ਪੁੱਟ ਕੇ ਉਸ ਵਿੱਚ  ਰੇਤਾ  ਬੱਜਰੀ ਕੋਲਾ ਅਤੇ ਹੋਰ ਸਮੱਗਰੀ ਪਾਈ ਜਾਵੇਗੀ ਜਿਸ ਨਾਲ ਪਾਣੀ ਪ੍ਰਦੂਸ਼ਣ ਰਹਿਤ ਹੋ ਕੇ ਹੀ ਧਰਤੀ ਦੇ ਹੇਠਾਂ ਜਾਵੇਗਾ।


ਉਨ੍ਹਾਂ ਦੱਸਿਆ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਦੇ ਨਾਲ ਨਾਲ  ਪੂਰੇ ਮੁਹਾਲੀ ਵਿਚ ਨਗਰ ਨਿਗਮ ਦੀਆਂ ਜਾਇਦਾਦਾਂ ਵਿੱਚ ਬਰਸਾਤੀ ਪਾਣੀ ਨੂੰ ਸਟੋਰ ਕਰਨ ਵਾਸਤੇ ਕਾਰਵਾਈ ਆਰੰਭਣ ਲਈ ਕਹਿ ਦਿੱਤਾ ਹੈ। ਇਸ ਦੇ ਤਹਿਤ ਮੋਹਾਲੀ ਵਿਚਲੀਆਂ ਜਨ ਸਿਹਤ ਵਿਭਾਗ ਅਧੀਨ ਆਉਂਦੀਆਂ ਟੈਂਕੀਆਂ ਵਾਲੀ ਜਗ੍ਹਾ,  ਨਗਰ ਨਿਗਮ ਦੇ ਅਧੀਨ ਆਉਂਦੇ ਪਾਰਕ, ਕਮਿਊਨਿਟੀ ਸੈਂਟਰ ਅਤੇ ਸਾਰੀਆਂ ਅਜਿਹੀਆਂ ਹੋਰਨਾਂ ਥਾਵਾਂ ਤੇ ਬਰਸਾਤੀ ਪਾਣੀ ਦੀ ਬੱਚਤ ਵਾਸਤੇ ਤਜਵੀਜ਼ਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਇਸ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਬੱਚਤ ਅਤੇ ਸਾਂਭ ਸੰਭਾਲ ਸਮੇਂ ਦੀ ਮੰਗ ਹੈ ਅਤੇ ਇਸ ਵਾਸਤੇ ਪੂਰਾ ਜ਼ੋਰ ਲਗਾ ਕੇ  ਇਸ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ।

Share and Enjoy !

Shares

Leave a Reply

Your email address will not be published.