ਮੁਫਤੋ ਮੁਫ਼ਤੀ ਦੀਆਂ ਵੰਗਾਰਾਂ ਤੋਂ ਤੰਗ ਆਈਆਂ ਆਸ਼ਾ ਵਰਕਰਾਂ ਨੇ ਕੀਤਾ ਸਰਬੱਤ ਆਯੂਸ਼ਮਾਨ ਸਮਾਰਟ ਬੀਮਾ ਕਾਰਡ ਬਣਾਉਣ ਦਾ ਬਾਈਕਾਟ

गुरदासपुर बटाला
  • ਕਿਹਾ – ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਿਰਫ ਵਿਭਾਗੀ ਕੰਮਾਂ ਦੀ ਰਿਪੋਰਟ ਦੇਣ ਦਾ ਐਲਾਨ

ਗੁਰਦਾਸਪੁਰ

ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਲਗਾਤਾਰ ਵਾਧੂ ਕੰਮ ਲੈਣ ਦੇ ਵਿਰੋਧ ਵਿਚ ਗੁਰਦਾਸਪੁਰ ਦੀਆਂ ਸਮੁੱਚੀਆਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਜ ਨੇ ਸਰਬੱਤ ਆਯੂਸ਼ਮਾਨ ਸਮਾਰਟ ਬੀਮਾਂ ਕਾਰਡ ਬਣਾਉਣ ਦੇ ਕੰਮਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿਤਾ ਹੈ। ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਇਨ੍ਹਾਂ ਕਾਰਡਾਂ ਨੂੰ ਬਣਾਉਣ ਲਈ ਆਸ਼ਾ ਵਰਕਰਾਂ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਜਦੋਂ ਕਿ ਇਨ੍ਹਾਂ ਕਾਰਡਾਂ ਨੂੰ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਬਣਦਾ ਮਿਹਨਤਾਨੇ ਬਾਰੇ ਸਪਸ਼ਟ ਹਿਦਾਇਤ ਜਾਰੀ ਨਹੀਂ ਕੀਤੀ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਬਾਨੀ ਹੁਕਮਾਂ ਅਨੁਸਾਰ ਇੱਕ ਆਸ਼ਾ ਵਰਕਰ ਨੂੰ ਪੂਰਾ ਕੰਮ ਹੋਣ ਤੇ ਬਾਰਾਂ ਸੌ ਰੁਪਏ ਦੇਣ ਦਾ ਲਾਰਾ ਲਾਇਆ ਗਿਆ ਹੈ। ਹੁਣ  ਬਹੁਤ ਸਾਰੇ ਲਾਭ ਪਾਤਰੀਆਂ ਦੇ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਵੀ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਧਰ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੀ ਪ੍ਰਧਾਨ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਕਲਾਨੌਰ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਰੋਸ ਮੁਜਾਹਰਾ ਕੀਤਾ ਗਿਆ।  ਵਰਕਰਾਂ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਪਹਿਲਾਂ ਹੀ ਪਿਛਲੇ ਅੱਠ ਮਹੀਨਿਆਂ ਤੋਂ ਕਰੋਨਾ ਵੈਕਸੀਨ ਸੈਸ਼ਨ ਦੇ ਬਣਦੇ ਪੈਸੇ ਨਹੀਂ ਦਿੱਤੇ ਗਏ। ਭਾਰਤ ਸਰਕਾਰ ਦੀਆਂ ਕਰੋਨਾ ਵੈਕਸੀਨ ਲਗਵਾਉਣ ਵਾਲੀ ਟੀਮ ਨੂੰ ਦਿੱਤੇ ਜਾਂਦੇ ਮਾਣਭੱਤੇ ਬਾਰੇ ਨਾ ਤਾਂ ਜ਼ਿਲਾ ਪ੍ਰਸ਼ਾਸਨ ਅਤੇ ਨਾ ਹੀ ਸਿਹਤ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਮੁੱਖ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਦੋਸ਼ ਲਾਇਆ ਹੈ ਕਿ  ਉਨ੍ਹਾਂ ਵੱਲੋਂ ਸਿਹਤ ਵਿਭਾਗ ਨੂੰ ਨਿਜੀ ਕੰਪਨੀਆਂ ਦੇ ਹਵਾਲੇ  ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।  ਆਸ਼ਾ ਵਰਕਰਾਂ ਦੀ ਨਿਯੁਕਤੀ ਪਿੰਡ ਪੱਧਰ ਤੇ 42 ਤਰ੍ਹਾਂ ਦੀਆਂ ਸੇਵਾਵਾਂ ਮਾਣਭੱਤੇ ਤੇ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਸਾਧਾਰਨ ਮਜ਼ਦੂਰ ਬਰਾਬਰ ਦੀਹਾੜੀ ਨਹੀਂ ਦਿੱਤੀ ਜਾਂਦੀ ਹੈ। ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਸ਼ਾ ਵਰਕਰਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ ਅਤੇ ਵਰਕਰਾਂ ਤੋਂ ਬਣਦੀ ਡਿਊਟੀ ਲੈਣ। ਇਸ ਮੌਕੇ ਕੁਲਦੀਪ ਕੌਰ ਪ੍ਰਵੀਨ ਕੌਰ ਸੁਦੇਸ਼ ਕੁਮਾਰੀ ਉਪਦੇਸ਼ ਕੁਮਾਰੀ ਦਲਜੀਤ ਕੌਰ ਮਨਜੀਤ ਕੌਰ ਸੁਖਜੀਤ ਕੌਰ ਰਾਜਵਿੰਦਰ ਕੌਰ ਨੇ ਕਿਹਾ ਜੇ  24 ਸਤੰਬਰ ਨੂੰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਨਾਲ ਜਥੇਬੰਦੀ ਨਾਲ ਹੋਈ ਮੀਟਿੰਗ ਵਿੱਚ ਕੋਈ ਮਸਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *