ਬਦਲ ਰਹੇ ਮੌਸਮ ਦੌਰਾਨ ਪਸ਼ੂਆਂ ਦੀ ਸੰਭਾਲ ਸਬੰਧੀ ਪਸ਼ੂ ਪਾਲਣ ਵਿਭਾਗ ਨੇ ਨੁਕਤੇ ਸਾਂਝੇ ਕੀਤੇ

बटाला

ਰਾਵੀ ਨਿਊਜ ਬਟਾਲਾ

ਪਸ਼ੂ ਪਾਲਣ ਵਿਭਾਗ ਨੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਬਦਲ ਰਹੇ ਮੌਸਮ ਵਿੱਚ ਪਸ਼ੂਆਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਬਦਲ ਰਹੇ ਮੌਸਮ ਦੌਰਾਨ ਪਸ਼ੂਆਂ ਦੀ ਸੰਭਾਲ ਸਬੰਧੀ ਕੁਝ ਨੁਕਤੇ ਸਾਂਝੇ ਕਰਦਿਆਂ ਬਟਾਲਾ ਦੇ ਵੈਟਨਰੀ ਅਫ਼ਸਰ ਡਾ. ਸਰਬਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਬਦਲਦੇ ਮੌਸਮ ਵਿੱਚ ਦੋਗਲੇ ਪਸ਼ੂਆਂ ਨੂੰ ਕਈ ਬੀਮਾਰੀਆਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦਾ ਖ਼ਾਸ ਖਿਆਲ ਰੱਖੋ। ਬਿਮਾਰੀ ਦੀ ਹਾਲਤ ਵਿੱਚ ਡਾਕਟਰ ਦੀ ਸਲਾਹ ਲਵੋ। ਜ਼ਿਆਦਾ ਦੁੱਧ ਵਾਸਤੇ ਪਸ਼ੂਆਂ ਦੀ ਚੁਆਈ ਜਲਦੀ, ਸ਼ਾਂਤ, ਸਾਫ਼-ਸੁਥਰੇ ਮਾਹੌਲ ਅਤੇ ਸਹੀ ਤਰੀਕੇ ਨਾਲ ਕਰੋ। ਚੁਆਈ ਉਪਰੰਤ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ 3:1 ਦੇ ਅਨੁਪਾਤ ਵਿੱਚ ਬਣੇ ਘੋਲ ਵਿੱਚ ਡੋਬਾ ਦਿਓ ਅਤੇ ਪਸ਼ੂ ਨੂੰ ਚੁਆਈ ਉਪਰੰਤ ਇੱਕ ਘੰਟੇ ਤੱਕ ਬੈਠਣ ਨਾ ਦਿਓ ਤਾਂ ਜੋ ਲੇਵੇ ਦੀ ਸੋਜ ਤੋਂ ਬਚਾਅ ਰਹੇ। ਉਨ੍ਹਾਂ ਦੱਸਿਆ ਕਿ ਸੱਜਰ ਸੂਏ ਪਸ਼ੂ ਜੇਕਰ ਪਤਲਾ ਗੋਹਾ ਕਰਦੇ ਹਨ ਤਾਂ ਪਸ਼ੂ ਖੁਰਾਕ ਵਿੱਚ ਪ੍ਰਤੀ ਪਸ਼ੂ 50-70 ਗ੍ਰਾਮ ਦੀ ਮਾਤਰਾ ਵਿੱਚ ਮਿੱਠਾ ਸੋਡਾ ਦਿਓ। ਇਸ ਮਹੀਨੇ ਬਰਸੀਮ, ਲੂਸਣ, ਰਾਈ ਘਾਹ ਆਦਿ ਦੀ ਬਿਜਾਈ ਲਈ ਖੇਤ ਤਿਆਰ ਕਰੋ।

ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪਸ਼ੂਆਂ ਦੇ ਸ਼ੈੱਡ ਅੰਦਰ ਪਰਾਲੀ ਜਾਂ ਰੇਤ ਦੀ ਸੁੱਕ ਪਾ ਦਿਉ ਤਾਂ ਕਿ ਇਹ ਅੰਦਰੋਂ ਸੁੱਕਾ ਅਤੇ ਨਿੱਘਾ ਰਹੇ। ਉਨ੍ਹਾਂ ਕਿਹਾ ਕਿ ਮੱਝਾਂ ਵਿਚ ਜੇ ਪਸ਼ੂ ਸ਼ਾਮੀਂ ਹੇਹੇ ਵਿੱਚ ਆਵੇ ਤਾਂ ਟੀਕਾ ਸਵੇਰੇ ਲਗਵਾਉ ਅਤੇ ਜੇ ਸਵੇਰੇ ਬੋਲੇ ਤਾਂ ਸ਼ਾਮ ਵੇਲੇ ਲਗਵਾ ਲਉ। ਦੋਗਲੀਆਂ ਗਾਵਾਂ ਵਿੱਚ ਟੀਕਾ ਅੱਧੇ ਹੇਹੇ ਦੇ ਅਖ਼ੀਰ ਜਾਂ ਹੇਹਾ ਖਤਮ ਹੋਣ ਤੋਂ 8-10 ਘੰਟੇ ਪਹਿਲਾਂ ਲਗਵਾਉ। ਉਨ੍ਹਾਂ ਕਿਹਾ ਕਿ 18-21 ਦਿਨ ਬਾਅਦ ਦੁਬਾਰਾ ਹੇਹੇ ਵਾਸਤੇ ਵੇਖੋ। ਆਸ ਹੋਣ ਤੇ ਢਾਈ ਤਿੰਨ ਮਹੀਨੇ ਬਾਅਦ ਪਸ਼ੂ ਦੀ ਗਰਭ ਵਾਸਤੇ ਪਰਖ਼ ਕਰਵਾਉ।

ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਕੱਟੜੂ/ਵੱਛੜੂ ਦੇ ਸਿੰਗ 14-21 ਦਿਨ ਦੀ ਉਮਰ ’ਤੇ ਦਗਵਾਉ। ਕੱਟੜੂ/ਵੱਛੜੂ ਨੂੰ 15 ਦਿਨ ਦੀ ਉਮਰ ਤੇ ਮਲੱਪ ਰਹਿਤ ਕਰਨ ਲਈ ਪਿਪਰਾਜ਼ੀਨ ਦਵਾਈ 5 ਮਿਲੀਲਿਟਰ ਪ੍ਰਤੀ 10 ਕਿਲੋ ਸਰੀਰਕ ਭਾਰ ਅਨੁਸਾਰ ਦਿਓ ਅਤੇ ਇੱਕ ਮਹੀਨੇ ਦੀ ਉਮਰ ਤੱਕ ਹਰ ਹਫਤੇ ਦੁਹਰਾਉਂਦੇ ਰਹੋ। ਉਨ੍ਹਾਂ ਦੱਸਿਆ ਕਿ 6 ਮਹੀਨੇ ਦੀ ਉਮਰ ਤੱਕ ਹਰ ਮਹੀਨੇ ਅਤੇ ਇਸ ਤੋਂ ਬਾਅਦ ਹਰ 3 ਮਹੀਨੇ ਬਾਅਦ ਮਾਹਿਰ ਦੀ ਸਲਾਹ ਨਾਲ ਦਵਾਈ ਬਦਲ-ਬਦਲ ਕੇ ਮਲੱਪ ਰਹਿਤ ਕਰਦੇ ਰਹੋ।

Leave a Reply

Your email address will not be published. Required fields are marked *