ਰਾਵੀ ਨਿਊਜ ਮੋਹਾਲੀ (ਗੁਰਵਿੰਦਰ ਸਿੰਘ ਮੋਹਾਲੀ)
ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ-ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਸਵ. ਬਲਦੇਵ ਸਿੰਘ ਸਿੱਧੂ ਓਲੰਪੀਅਨ ਦੀ 30ਵੀਂ ਬਰਸੀ ਮੋਹਾਲੀ ਦੇ ਫੇਜ਼-3ਬੀ1 ਵਿਚ ਸਥਿਤ ਸਰਕਾਰੀ ਸੀ. ਸੈਕੰਡਰੀ ਸਕੂਲ ਵਿਚ ਮਨਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਸਿਹਤ ਮੰਤਰੀ ਤੇ ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਸਨ। ਇਸ ਮੌਕੇ ਉਨ੍ਹਾਂ ਨੇ ਲੋੜਵੰਦ ਅੰਗਹੀਣਾਂ ਨੂੰ ਟਰਾਈ ਸਾਈਕਲ, ਸਿਲਾਈ ਮਸ਼ੀਨਾਂ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਹਾਇਤਾ ਵੰਡੀ। ਇਸ ਮੌਕੇ ਮੋਹਾਲੀ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਨੇ ਕਿਹਾ ਕਿ ਲੋੜਵੰਦ ਅੰਗਹੀਣਾਂ ਦੀ ਮਦਦ ਕਰਨਾ ਪ੍ਰਮਾਤਮਾ ਦੀ ਭਗਤੀ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਆਪਣਿਆਂ ਦੀਆਂ ਦੁਖ ਤਕਲੀਫਾਂ ਦੀ ਸਾਰ ਤਾਂ ਹਰ ਕੋਈ ਲਂਦਾ ਹੈ ਪਰ ਅੰਗਹੀਣਾਂ ਦੀਆਂ ਦੁਖ ਤਕਲੀਫਾਂ ਦੀ ਸਾਰ ਲੈਣਾ ਵਾਲਾ ਹੀ ਸੱਚੀ ਸੇਵਾ ਕਰਦਾ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਉਹ ਮਾਪੇ ਧੰਨ ਹਨ ਜੋ ਅੰਗਹੀਣਾਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਗਹੀਣਾਂ ਦੀ ਸੇਵਾ ਕਰਨ ਸਮੇਂ ਸਾਡੇ ਮਨ ਵਿਚ ਸਿਰਫ ਸੇਵਾ ਭਾਵਨਾ ਹੀ ਹੋਣੀ ਚਾਹੀਦੀ ਹੈ, ਕੁਝ ਵੀ ਹੋਰ ਨਹੀਂ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਅੰਗਹੀਣਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਮੰਗਾਂ ਦੀ ਪੂਰਤੀ ਲਈ ਹਰ ਉਪਰਾਲਾ ਕਰਦੇ ਰਹਿਣਗੇ।
ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਬਲਵੰਤ ਦਰਦੀ ਵਲੋਂ ਭੁੱਖ ਹੜਤਾਲ ਕਰਨ ਦੇ ਐਲਾਨ ਨੂੰ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ-ਚੰਡੀਗੜ੍ਹ ਵਲੋਂ ਵਾਪਸ ਕਰਵਾਇਆ ਗਿਆ। ਇਸ ਸਬੰਧੀ ਮਤਾ ਸਾਬਕਾ ਜਨ. ਸਕੱਤਰ ਅਵਤਾਰ ਸਿੰਘ ਘੜੂੰਆਂ ਨੇ ਪੇਸ਼ ਕੀਤਾ ਜਿਸਨੂੰ ਸੰਸਥਾ ਨੇ ਸਰਵਸੰਮਤੀ ਨਾਲ ਪ੍ਰਵਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੁਰੰਤ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਸਬੰਧੀ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰ ਕੌਰ ਰੀਨਾ ਕੌਂਸਲਰ, ਡਾ. ਪੀ.ਜੇ. ਸਿੰਘ (ਟਾਇਨੋਰ), ਪ੍ਰਿੰਸੀਪਲ ਸੁਖਵਿੰਦਰ ਕੌਰ ਧਾਲੀਵਾਲ, ਐਸੋਸੀਏਸ਼ਨ ਦੇ ਚੇਅਰਮੈਨ ਕਸ਼ਮੀਰ ਸਨਾਵਾ, ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਬਲਵੰਤ ਸਿੰਘ ਦਰਦੀ, ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੱਲੀਆਂ, ਸੀ. ਮੀਤ ਪ੍ਰਾਨ ਹਰਭਜਨ ਸਿੰਘ ਧਾਲੀਵਾਲ, ਜਿਲ੍ਹਾ ਪ੍ਰਧਾਨ ਮੋਹਾਲੀ ਧਰਮ ਸਿੰਘ ਮੁੰਡੀ, ਪੰਜਾਬ ਦੇ ਜਨ. ਸਕੱਤਰ ਹਰਮੇਸ਼ ਕੁਰੜੀ, ਖਜਾਨਚੀ ਪਵਨ ਠੁਕਰਾਲ, ਸਵਾਜਸੇਵੀ ਨਿਰਵੈਰ ਸਿੰਘ ਭਿੰਡਰ ਨੇ ਵੀ ਬਲਦੇਵ ਸਿੰਘ ਸਿੱਧੂ ਓਲੰਪੀਅਨ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ।