ਫਰਦ ਕੇਂਦਰ, ਸੁਵਿਧਾ ਕੇਂਦਰ, ਆਰਟੀਆਈ ਤੇ ਤਹਿਸੀਲ ਦਫ਼ਤਰ ਦੇ ਸਰਵਿਸ ਡਿਲੀਵਰੀ ਕਾਊਂਟਰਾਂ ਦਾ ਨਿਰੀਖਣ

एस.ए.एस नगर

ਰਾਵੀ ਨਿਊਜ ਐਸ.ਏ.ਐਸ ਨਗਰ

ਗੁਰਵਿੰਦਰ ਸਿੰਘ ਮੋਹਾਲੀ

ਆਮ ਲੋਕਾਂ ਨੂੰ ਸਮਾਂਬੱਧ ਅਤੇ ਬਿਨਾਂ ਕਿਸੇ ਦਿੱਕਤ ਤੋਂ ਸਾਰੀਆਂ ਸਰਕਾਰੀ ਸੇਵਾਵਾਂ ਮਿਲਣੀਆਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਮੋਹਾਲੀ ਦੇ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ। ਡੀਸੀ ਨੇ ਫਰਦ ਕੇਂਦਰ, ਸੁਵਿਧਾ ਕੇਂਦਰ, ਆਰਟੀਆਈ ਦਫ਼ਤਰ, ਤਹਿਸੀਲ ਅਤੇ ਹੋਰ ਦਫ਼ਤਰਾਂ ਦੇ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਊਂਟਰਾਂ ਦਾ ਦੌਰਾ ਕੀਤਾ ਅਤੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਬਾਰੇ ਪ੍ਰਤੀਕਰਮ ਲੈਣ ਲਈ ਉਥੇ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਟੋਕਨ ਨੰਬਰ ਜਾਰੀ ਕਰਨ ਤੋਂ ਲੈ ਕੇ ਸੇਵਾ ਮਿਲਣ ਤੱਕ ਨਾਗਰਿਕ ਕੇਂਦਰਿਤ ਸੇਵਾਵਾਂ ਦੇ ਵੱਖ-ਵੱਖ ਪੜਾਵਾਂ ਦੀ ਸਮੀਖਿਆ ਵੀ ਕੀਤੀ।

ਉਨ੍ਹਾਂ ਸੇਵਾ ਅਤੇ ਸੁਵਿਧਾ ਕੇਂਦਰ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਾਊਂਟਰਾਂ ਉਤੇ ਹਰ ਅਪਰੇਟਰ ਲੋਕਾਂ ਨੂੰ ਸੇਵਾਵਾਂ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਵੇ ਤਾਂ ਜੋ ਲੋਕਾਂ ਨੂੰ ਸੇਵਾਵਾਂ ਪ੍ਰਾਪਤ ਕਰਨ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਸ੍ਰੀਮਤੀ ਕਾਲੀਆ ਨੇ ਇਹ ਵੀ ਕਿਹਾ ਕਿ ਟੋਕਨ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਸਾਰੇ ਜਨਤਕ ਦਫ਼ਤਰਾਂ ਵਿੱਚ ਬੈਠਣ ਲਈ ਵਧੇਰੇ ਕੁਰਸੀਆਂ ਉਪਲਬਧ ਕਰਵਾਈਆਂ ਜਾਣ।

ਏਡੀਸੀ (ਜ) ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ ਦੀ ਮੌਜੂਦਗੀ ਵਿੱਚ ਇਸ ਦੌਰੇ ਦੌਰਾਨ ਡੀਸੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਤਰ੍ਹਾਂ ਦੀਆਂ ਨਾਗਰਿਕ ਸੁਵਿਧਾਵਾਂ ਦੇਣ ਲਈ ਇਹ ਸੇਵਾ ਅਤੇ ਸੁਵਿਧਾ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਕੰਮ ਕਰਨ ਵਾਲਿਆਂ ’ਤੇ ਨਿਗਰਾਨੀ ਰੱਖਣ ਲਈ ਬਾਕਾਇਦਾ ਅਜਿਹੀਆਂ ਅਚਨਚੇਤ ਜਾਂਚਾਂ ਕੀਤੀਆਂ ਜਾਣਗੀਆਂ। ਸ੍ਰੀਮਤੀ ਕਾਲੀਆ ਨੇ ਕਿਹਾ ਕਿ ਜਨਤਕ ਦਫ਼ਤਰਾਂ ਵਿੱਚ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਬੰਧਤ ਦਫਤਰ ਦੇ ਪ੍ਰਬੰਧਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਸਟਾਫ਼ ਨੂੰ ਇਹ ਵੀ ਕਿਹਾ ਕਿ ਉਹ ਲੋਕਾਂ ਨਾਲ ਨਿਮਰਤਾ ਅਤੇ ਸਲੀਕੇ ਨਾਲ ਪੇਸ਼ ਆਉਣ ਕਿਉਂਕਿ ਉਹ ਇੱਥੇ ਉਨ੍ਹਾਂ ਦੀ ਸੇਵਾ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਸਿਸਟਮ ਨੂੰ ਸੁਚਾਰੂ ਬਣਾਉਣ ਲਈ ਸਟਾਫ਼ ਮੈਂਬਰਾਂ ਵਿੱਚ ਕੰਮ ਦੀ ਵੰਡ ਸਹੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *