ਪਹਿਲਾ ਨੌਕਰੀ ਮੇਲਾ: 700 ਤੋਂ ਵੱਧ ਨੌਜਵਾਨ ਕਿਸਮਤ ਬਦਲਣ ਲਈ ਪੁੱਜੇ, 484 ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਮਿਲੀਆਂ, 75 ਹੁਨਰ ਸਿਖਲਾਈ ਲਈ ਅਤੇ 56 ਸਵੈ-ਰੁਜ਼ਗਾਰ ਲਈ ਚੁਣੇ ਗਏ

Breaking News गुरदासपुर पंजाब

ਰਾਵੀ ਨਿਊਜ ਡੇਰਾਬੱਸੀ

ਗੁਰਵਿੰਦਰ ਸਿੰਘ ਮੋਹਾਲੀ

ਰਾਜ ਦੇ ਤਕਨੀਕੀ ਤੌਰ ‘ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਐਸਏਐਸ ਨਗਰ ਵਿੱਚ ਸੱਤਵਾਂ ਮੈਗਾ ਨੌਕਰੀ ਮੇਲਾ ਸ਼ੁਰੂ ਕੀਤਾ ਗਿਆ ਹੈ।

          ਸਰਕਾਰੀ ਕਾਲਜ ਡੇਰਾਬੱਸੀ ਵਿਖੇ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦਿਆਂ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਕੁਲਦੀਪ ਬਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ 9 ਤੋਂ 17 ਸਤੰਬਰ ਤੱਕ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ ਚਾਰ ਨੌਕਰੀ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਸੂਬਾ ਸਰਕਾਰ ਨੇ ‘ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ’, ਨੌਕਰੀ ਮੇਲਿਆਂ, ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਉਰੋ (ਡੀਬੀਈਈਜ਼) ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਥਾਹ ਮੌਕੇ ਪ੍ਰਦਾਨ ਕਰਨ ਵੱਲ ਸੇਧਿਤ ਪਹੁੰਚ ਨਾਲ ਸਮਰਪਿਤ ਯਤਨ ਕੀਤੇ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਕੀਮਾਂ ਬਾਰੇ ਡੀਬੀਈਈ ਦੇ ਜਾਣਕਾਰੀ ਦਸਤਾਵੇਜ਼ਾਂ ਤੇ ਬਰੋਸ਼ਰਾਂ ਦੀ ਵੰਡ ਕੀਤੀ ਜਾਂਦੀ ਹੈ।

          ਨੌਜਵਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਨੌਕਰੀਆਂ ਦਾ ਵਿਸਥਾਰ ਦਿੰਦਿਆਂ, ਐਸਡੀਐਮ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਕੁੱਲ 50 ਹਜ਼ਾਰ ਨੌਕਰੀਆਂ ਦੇ ਮੌਕੇ ਹਨ ਅਤੇ ਅੱਜ ਪਹਿਲੇ ਰੋਜ਼ਗਾਰ ਮੇਲੇ ਵਿੱਚ 700 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹੁਨਰ ਸਿਖਲਾਈ/ਸਵੈ ਰੋਜ਼ਗਾਰ ਅਪਣਾ ਕੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਵਿੱਚ ਸੁਧਾਰ ਕਰਨਾ ਹੈ। ਰੋਜ਼ਗਾਰ ਪੈਦਾ ਕਰਨ ਦੀ ਸਮਰੱਥਾ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਸਰਕਾਰੀ ਦਖਲਅੰਦਾਜ਼ੀ ਨਾਲ ਇਸ ਸੰਭਾਵਨਾ ਨੂੰ ਵਰਤਣ ਦੀ ਇੱਛਾ ਸ਼ਕਤੀ ਨਾਲ ਇਹ ਮੇਲੇ ਕਰਵਾਏ ਜਾ ਰਹੇ ਹਨ।

ਡੀਬੀਈਈ ਦੀ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਹੋਰ ਕੰਪਨੀਆਂ ਤੋਂ ਇਲਾਵਾ ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਪੁਖਰਾਜ, ਜ਼ਮੈਟੋ, ਸਵਰਾਜ, ਨਾਹਰ ਵਰਗੇ ਪ੍ਰਮੁੱਖ ਰੋਜ਼ਗਾਰਦਾਤਾਵਾਂ ਨੇ ਮੌਜੂਦਾ ਰੋਜ਼ਗਾਰ ਮੇਲੇ ਵਿੱਚ ਹਿੱਸਾ ਲਿਆ ਅਤੇ 484 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ। ਇਸ ਤੋਂ ਇਲਾਵਾ 75 ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਅਤੇ 56 ਨੂੰ ਸਵੈ-ਰੋਜ਼ਗਾਰ ਦੇ ਮੌਕਿਆਂ ਲਈ ਚੁਣਿਆ ਗਿਆ ਹੈ।

ਰੋਜ਼ਗਾਰ ਮੇਲੇ ਦੀ ਸਫਲਤਾ ਲਈ ਪ੍ਰਿੰਸੀਪਲ ਸਰਕਾਰ ਕਾਲਜ ਡੇਰਾਬੱਸੀ ਡਾ: ਅਮਨਦੀਪ ਕੌਰ ਅਤੇ ਕਾਲਜ ਦੀ ਪਲੇਸਮੈਂਟ ਇੰਚਾਰਜ ਸਿੰਮੀ ਜੌਹਲ ਨੇ ਵਿਦਿਆਰਥੀਆਂ/ਉਮੀਦਵਾਰਾਂ ਦੀ ਲਾਮਬੰਦੀ ਅਤੇ ਪ੍ਰਬੰਧਾਂ ਵਿੱਚ ਯੋਗਦਾਨ ਪਾਇਆ। ਗਾਰਡੀਅਨਜ਼ ਆਫ ਗਵਰਨੈਂਸ ਅਤੇ ਵਿਲੇਜ ਲੈਵਲ ਵਲੰਟੀਅਰਜ਼ ਨੇ ਸਮਾਗਮ ਨੂੰ ਵੱਡੀ ਸਫਲਤਾ ਦੇਣ ਲਈ ਵਿਦਿਆਰਥੀਆਂ ਦੀ ਲਾਮਬੰਦੀ ਲਈ ਮੋਹਰੀ ਭੂਮਿਕਾ ਨਿਭਾਈ। ਸਮਾਗਮ/ਪ੍ਰਦਰਸ਼ਨੀ ਦੌਰਾਨ ਪੰਜਾਬ ਸਰਕਾਰ ਦੇ ਵਿਭਾਗਾਂ ਵੱਲੋਂ ਸਵੈ-ਰੋਜ਼ਗਾਰ ਲਈ ਚਲਾਈਆਂ ਸਕੀਮਾਂ ਵੀ ਦਰਸਾਈਆਂ ਗਈਆਂ। ਵਿਭਾਗਾਂ ਨੇ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੁਆਰਾ ਚਲਾਈਆਂ ਗਈਆਂ ਸਕੀਮਾਂ ਦੇ ਸਬੰਧ ਵਿੱਚ ਸਾਹਿਤ ਅਤੇ ਬਰੋਸ਼ਰ ਵੰਡੇ। ਇਸ ਮੌਕੇ ਡਿਪਟੀ ਸੀਈਓ ਮਨਜੇਸ਼ ਸ਼ਰਮਾ ਅਤੇ ਰੋਜ਼ਗਾਰ ਅਫਸਰ ਹਰਪ੍ਰੀਤ ਸਿੱਧੂ ਵੀ ਹੋਰ ਅਧਿਕਾਰੀਆਂ ਨਾਲ ਮੌਜੂਦ ਸਨ।

ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਨੇ ਵੀ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ ਅਤੇ ਨੌਜਵਾਨਾਂ ਨੂੰ ਸਰਕਾਰ ਦੇ ਅਜਿਹੇ ਉਪਰਾਲਿਆਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *