ਨਗਰ ਨਿਗਮ ਬਟਾਲਾ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਵਿਆਹ ਪੁਰਬ ਦੀਆਂ ਤਿਆਰੀਆਂ ਦਾ ਲਿਆ ਜਾਇਜਾ

बटाला

ਰਾਵੀ ਨਿਊਜ ਬਟਾਲਾ

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ’ਤੇ ਅੱਜ ਨਗਰ ਨਿਗਮ ਬਟਾਲਾ ਦੇ ਐਕਸੀਅਨ ਰਮੇਸ਼ ਭਾਟੀਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਦੇ ਨਾਲ ਅੱਜ ਬਟਾਲਾ ਸ਼ਹਿਰ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਜਾਇਜਾ ਲਿਆ। ਇਸ ਸਾਂਝੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰੀ ਡੇਹਰਾ ਸਾਹਿਬ ਨੂੰ ਜਾਂਦੇ ਰਸਤਿਆਂ ਦਾ ਮੁਆਇਨਾ ਕੀਤਾ ਗਿਆ ਅਤੇ ਨਾਲ ਹੀ ਸਫ਼ਾਈ ਪ੍ਰਬੰਧਾਂ ਦਾ ਜਾਇਜਾ ਲਿਆ।
ਐਕਸੀਅਨ ਰਮੇਸ਼ ਭਾਟੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਉਨ੍ਹਾਂ ਨੂੰ ਸਾਰਾ ਮੌਕਾ ਦਿਖਾਇਆ ਹੈ ਅਤੇ ਜਿਹੜੀਆਂ ਘਾਟਾਂ ਬਾਰੇ ਦੱਸਿਆ ਗਿਆ ਹੈ ਉਹ ਨੋਟ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਅੱਚਲੀ ਦਰਵਾਜ਼ੇ ਤੋਂ ਸੀਤਾ ਰਾਮ ਦੀ ਹਲਟੀ ਤੱਕ ਸੜਕ ਨੂੰ ਹਫ਼ਤੇ ਤੱਕ ਬਣਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਠਠਿਆਰੀ ਗੇਟ ਤੱਕ ਦੇ ਰਸਤੇ ਦੀ ਵੀ ਮੁਰੰਮਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਫ਼ਾਈ ਪ੍ਰਬੰਧ ਨੂੰ ਦਰੁਸਤ ਕਰਨ ਲਈ ਸੈਂਨਟਰੀ ਇੰਸਪੈਕਟਰ ਨੂੰ ਹਦਾਇਤ ਕਰ ਦਿੱਤੀ ਗਈ ਹੈ ਅਤੇ ਗੁਰਦੁਆਰਾ ਸਾਹਿਬਾਨ ਦੇ ਨਜ਼ਦੀਕ ਸਫ਼ਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ। ਐਕਸੀਅਨ ਭਾਟੀਆ ਨੇ ਕਿਹਾ ਕਿ ਸਟਰੀਟ ਲਾਈਟਾਂ ਦਾ ਜਾਇਜਾ ਲੈਣ ਲਈ ਨਗਰ ਨਿਗਮ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਸਾਂਝੀ ਟੀਮ ਵੱਲੋਂ ਰਾਤ ਨੂੰ ਦੌਰਾ ਕਰਕੇ ਜਾਇਜਾ ਲਿਆ ਜਾਵੇਗਾ ਅਤੇ ਜਿਥੇ ਵੀ ਲਾਈਟਾਂ ਦੀ ਕੋਈ ਕਮੀ-ਪੇਸ਼ੀ ਹੋਵੇਗੀ ਉਸ ਨੂੰ ਠੀਕ ਕਰ ਦਿੱਤਾ ਜਾਵੇਗਾ। ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਦੱਸਿਆ ਕਿ ਗੁਰਦਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਨਗਰ ਕੀਰਤਨ ਦੇ ਸਾਰੇ ਰੂਟ ਦਾ ਦੌਰਾ ਕਰਕੇ ਇਕੱਲੇ-ਇਕੱਲੇ ਪੁਆਇੰਟ ਨੂੰ ਨੋਟ ਕੀਤਾ ਜਾਵੇਗਾ ਅਤੇ ਇਸਦੀ ਰੀਪੋਰਟ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤੀ ਜਾਵੇਗੀ। ਜਥੇਦਾਰ ਗੁਰਨਾਮ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 3 ਸਤੰਬਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਇਸ ਸਬੰਧੀ ਹੁਣ ਤੋਂ ਹੀ ਤਿਆਰੀਆਂ ਅਰੰਭਣ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ।    

Share and Enjoy !

Shares

Leave a Reply

Your email address will not be published.