ਰਾਵੀ ਨਿਊਜ
ਗੁਰਦਾਸਪੁਰ। ਆਮ ਆਦਮੀ ਪਾਰਟੀ ਦੀ ਕਥਨੀ ਤੇ ਕਰਨੀ ਕਦੇ ਵੀ ਇੱਕ ਨਹੀਂ ਰਹੀ ਅਤੇ ਹੌਲੀ-ਹੌਲੀ ਇਸ ਪਾਰਟੀ ਦੇ ਚਿਹਰੇ ਦਾ ਨਕਾਬ ਉਤਰ ਰਿਹਾ ਹੈ । ਇਹ ਗੱਲ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਕਹੀ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਇੱਕ ਪਾਸੇ ਪੰਜਾਬ ‘ਚ ਆ ਕੇ ਇਸ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਹਿਤਾਂ ਦੀ ਗੱਲ ਕਰਦੇ ਹਨ ਅਤੇ ਦੂਸਰੇ ਪਾਸੇ ਇਸ ਪਾਰਟੀ ਦੇ ਕਾਰਕੁਨ ਦਿੱਲੀ ‘ਚ ਕਿਸਾਨ-ਮਾਰੂ ਕਦਮ ਚੁੱਕ ਰਹੇ ਹਨ । ਦਿੱਲੀ ਵਿੱਚ ਕਣਕ ਦੀ ਖ਼ਰੀਦ ਤੇ ਕਿਸਾਨਾਂ ਨੂੰ ਐੱਮਐੱਸਪੀ ਨਹੀਂ ਦਿੱਤੀ ਜਾ ਰਹੀ । ਦਿੱਲੀ ਦੀ ਸਭ ਤੋਂ ਵੱਡੀ ਅਨਾਜ ਮੰਡੀ ਨਰੇਲਾ ਵਿੱਚ ਕਣਕ ਬਿਨਾਂ ਐੱਮਐੱਸਪੀ ਦੇ ਵਿਕ ਰਹੀ ਹੈ । ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਐੱਮ.ਐੱਸ.ਪੀ ਖ਼ਤਮ ਕਰਨ ਵਾਲੇ ਕਾਲੇ ਖੇਤੀ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਸਨ ਤੇ ਹੁਣ ਦਿੱਲੀ ਦੀ ਸਭ ਤੋਂ ਵੱਡੀ ਅਨਾਜ ਮੰਡੀ ਨਰੇਲਾ ਵਿੱਚ ਐੱਮਐੱਸਪੀ ਤੋਂ ਬਿਨਾਂ ਕਣਕ ਖਰੀਦੀ ਜਾ ਰਹੀ ਹੈ ।
ਸਰਦਾਰ ਬੱਬੇਹਾਲੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਰਹੇ । ਬੀਤੇ ਵਰ੍ਹੇ ਉਨ੍ਹਾਂ ਇਹ ਤਰਕਹੀਣ ਗੱਲ ਵੀ ਕਹੀ ਸੀ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ । ਜਦ ਉਹ ਪੰਜਾਬ ਆ ਕੇ ਤਕਰੀਰ ਕਰਦੇ ਹਨ ਤਾਂ ਉਨ੍ਹਾਂ ਦੀ ਸੁਰ ਬਦਲ ਜਾਂਦੀ ਹੈ । ਪਾਣੀਆਂ ਦੇ ਮੁੱਦੇ ਤੇ ਜਦੋਂ ਉਹ ਹਰਿਆਣਾ ਜਾ ਕੇ ਸੰਬੋਧਨ ਕਰਦੇ ਹਨ ਤਾਂ ਉਸ ਸੂਬੇ ਦੇ ਹੱਕ ਵਿੱਚ ਗੱਲ ਕਰਦੇ ਹਨ ਅਤੇ ਜਦ ਪੰਜਾਬ ਆ ਕੇ ਗੱਲ ਕਰਦੇ ਹਨ ਤਾਂ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਗੱਲ ਕਰਦੇ ਹਨ । ਸਪਸ਼ਟ ਹੋ ਗਿਆ ਹੈ ਕਿ ਇਹ ਪਾਰਟੀ ਦੋਗਲੀ ਨੀਤੀ ਤੇ ਚੱਲ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਇੱਕੋ ਥਾਲੀ ਦੇ ਚੱਟੇ-ਵੱਟੇ ਹਨ ਅਤੇ ਇਨ੍ਹਾਂ ਪਾਰਟੀਆਂ ਦੇ ਨੇਤਾ ਗੁਮਰਾਹਕੁਨ ਬਿਆਨਬਾਜ਼ੀ ਕਰ ਕੇ ਲੋਕਾਂ ਨੂੰ ਭਰਮਾਉਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ ।